ਵਿਆਹ ਪੁਰਬ ਮੌਕੇ ਬਟਾਲਾ ’ਚ ਸੰਗਤ ਦਾ ਆਇਆ ਹੜ
ਵਿਆਹ ਪੁਰਬ ਮੌਕੇ ਬਟਾਲਾ ’ਚ ਸੰਗਤ ਦਾ ਆਇਆ ਹੜ
Publish Date: Sat, 30 Aug 2025 07:47 PM (IST)
Updated Date: Sun, 31 Aug 2025 04:07 AM (IST)

ਸੁਖਦੇਵ ਸਿੰਘ /ਵਿਜੇ ਥਾਪਰ, ਪੰਜਾਬੀ ਜਾਗਰਣ ਬਟਾਲਾ : ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ 538ਵਾਂ ਵਿਆਹ ਪੁਰਬ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਵਿਸ਼ਾਲ ਪੱਧਰ ’ਤੇ ਮਨਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਅਤੇ ਬਰਾਤ ਦਾ ਠਹਿਰਾਓ ਅਸਥਾਨ ਗੁਰਦੁਆਰਾ ਕੰਧ ਸਾਹਿਬ ਵਿਖੇ ਦੇਸ਼ ਵਿਦੇਸ਼ ਦੀਆਂ ਚਾਰ ਲੱਖ ਤੋਂ ਵੱਧ ਸੰਗਤ ਨੇ ਮੱਥਾ ਟੇਕਿਆ। ਗੁਰਦੁਆਰਾ ਡੇਹਰਾ ਸਾਹਿਬ ਗੁਰਦੁਆਰਾ ਕੰਧ ਸਾਹਿਬ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਵਿਆਹ ਪੁਰਬ ਦੇ ਸਬੰਧ ’ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ,ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਸੰਗਤ ਸਮੇਤ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ ਗਈ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਜਥੇਦਾਰ ਗੁਰਨਾਮ ਸਿੰਘ ਜੱਸਲ ਵੱਲੋਂ ਵੱਖ-ਵੱਖ ਸਿੱਖ ਜਥੇਬੰਦੀਆਂ, ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਵਿਸ਼ਾਲ ਨਗਰ ਕੀਰਤਨ ਦੌਰਾਨ ਸਹਿਯੋਗ ਲਿਆ ਗਿਆ। ਬਟਾਲਾ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਵੱਖ-ਵੱਖ ਥਾਵਾਂ ’ਤੇ ਗੁਰਮਤਿ ਸਮਾਗਮ ਵੀ ਆਈ ਹੋਈ ਕੀਤੇ ਗਏ। ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਡੇਹਰਾ ਸਾਹਿਬ ਤੋਂ ਸ਼ੁਰੂ ਹੋ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ, ਕਾਹਨੂੰਵਾਨ ਰੋਡ, ਪੁਲਿਸ ਲਾਈਨ, ਮਾਡਲ ਟਾਊਨ, ਦਸਮੇਸ਼ ਨਗਰ, ਗੁਰੂ ਨਾਨਕ ਨਗਰ ,ਸਿੰਬਲ, ਗਾਂਧੀ ਚੌਂਕ, ਸਿਟੀ ਰੋਡ, ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸਮਾਪਤ ਹੋਇਆ। ਫੁੱਲਾਂ ਵਾਲੀ ਪਾਲਕੀ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਮੱਥਾ ਟੇਕਿਆ ਗਿਆ ਅਤੇ ਅਰਦਾਸ ਕਾਮਨ ਕੀਤੀ ਗਈ। ਪਾਵਨ ਪਾਲਕੀ ਸਾਹਿਬ ਦੇ ਅੱਗੇ ਗਤਕਾ ਪਾਰਟੀਆਂ ਨਿਹੰਗ ਸਿੰਘ ਜਥੇਬੰਦੀਆਂ, ਝਾੜੂ ਬਰਦਾਰ ਸੇਵਾਦਾਰਾ, ਬੈਂਡ ਵਾਜਾ ਪਾਰਟੀ ਨੇ ਸੰਗਤ ਨੂੰ ਆਪਣੀ ਕਲਾ ਰਾਹੀਂ ਨਿਹਾਲ ਕੀਤਾ। ਪਾਵਨ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਸੰਗਤ ਗੁਰਬਾਣੀ ਦਾ ਜਾਪ ਕਰਦੀਆਂ ਜੀਵਨ ਸਫਲਾ ਕਰ ਰਹੀਆਂ ਸਨ। ਇਸ ਨਗਰ ਕੀਰਤਨ ’ਚ ਸੁਖਜਿੰਦਰ ਸਿੰਘ ਸੋਨੂ ਲੰਗਾਹ, ਰਮਨਦੀਪ ਸਿੰਘ ਸੰਧੂ, ਸ਼ਮਸ਼ੇਰ ਸਿੰਘ ਚੀਮਾ, ਹਲਕਾ ਇੰਚਾਰਜ ਨਰੇਸ਼ ਮਹਾਜਨ, ਸਤਨਾਮ ਸਿੰਘ ਰਿਆੜ ਮੈਨੇਜਰ ਸ੍ਰੀ ਦਰਬਾਰ ਸਾਹਿਬ, ਮੈਨੇਜਰ ਮਨਜੀਤ ਸਿੰਘ ਜਫਰਵਾਲ, ਮੈਨੇਜਰ ਜਤਿੰਦਰ ਸਿੰਘ ਚੀਮਾ, ਜਗਦੀਸ਼ ਸਿੰਘ ਬੁੱਟਰ ਜੋੜ ਮੇਲਾ ਪ੍ਰਬੰਧਕ, ਐਡਵੋਕੇਟ ਰਜਿੰਦਰ ਸਿੰਘ ਪਦਮ, ਗਿਆਨੀ ਹਰਬੰਸ ਸਿੰਘ ਹੰਸਪਾਲ ਮਾਸਟਰ ਜੋਗਿੰਦਰ ਸਿੰਘ ਅਚਲੀ ਗੇਟ, ਮਾਸਟਰ ਪਰਵੀਨ ਸਿੰਘ, ਪਲਵਿੰਦਰ ਸਿੰਘ ਲੰਬੜਦਾਰ ਕੌਂਸਲਰ, ਗੁਰਜੀਤ ਸਿੰਘ ਬਿਜਲੀਵਾਲ, ਨਰਿੰਦਰ ਸਿੰਘ ਸੇਖਵਾਂ ,ਲਖਵਿੰਦਰ ਸਿੰਘ ਘੁੰਮਣ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸਨ। -------- ਭਾਰੀ ਮੀਹ ਦੇ ਵਿੱਚ ਵੀ ਨਗਰ ਕੀਰਤਨ ਦੌਰਾਨ ਨਤਮਸਤਕ ਹੁੰਦੀ ਰਹੀ ਸੰਗਤ... ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸਜਾਇਆ ਗਿਆ ਨਗਰ ਕੀਰਤਨ ਜਦ ਬਟਾਲਾ ਦੇ ਗੁਰਦਾਸਪੁਰ ਰੋਡ ਪੁੱਜਾ ਤਾਂ ਭਾਰੀ ਬਰਸਾਤ ਨੇ ਸੰਗਤ ਦੇ ਚਾਲੇ ਨੂੰ ਰੋਕਣਾ ਚਾਹਿਆ, ਪਰ ਭਾਰੀ ਬਰਸਾਤ ਵਿੱਚ ਵੀ ਸੰਗਤ ਗੁਰਬਾਣੀ ਦਾ ਜਾਪ ਕਰਦੀਆਂ ਪਾਵਨ ਪਾਲਕੀ ਸਾਹਿਬ ਦੇ ਨਾਲ ਅਗਲੇ ਪੜਾਅ ਵੱਲ ਵਧਦੀਆਂ ਗਈਆਂ। ਬਰਸਾਤ ਨਾਲ ਨਗਰ ਕੀਰਤਨ ਦੌਰਾਨ ਚੱਲ ਰਹੀ ਸੰਗਤ ਪੂਰੀ ਤਰ੍ਹਾਂ ਭਿੱਜ ਗਈਆਂ, ਪਰ ਸ਼ਰਧਾ ਅੱਗੇ ਮੀਂਹ ਦੀ ਵੀ ਪੇਸ਼ ਨਾ ਗਈ ਅਤੇ ਸੰਗਤ ਭਾਰੀ ਮੀਂਹ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਮਾਣਦੀਆਂ ਰਹੀਆਂ। -------- ਵਿਆਹ ਪੁਰਬ ਮੌਕੇ 1200 ਮੁਲਾਜ਼ਮਾਂ ਨੇ ਨਿਭਾਈ ਅਹਿਮ ਡਿਊਟੀ... ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਮੌਕੇ ਐੱਸਐੱਸਪੀ ਬਟਾਲਾ ਸੁਹੇਲ ਕਾਸਮ ਮੀਰ ਦੀ ਅਗਵਾਈ ਹੇਠ ਬਟਾਲਾ ਅਤੇ ਹੋਰਨਾ ਪੁਲਿਸ ਜ਼ਿਲ੍ਹਿਆਂ ਦੇ 1200 ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਸੇਵਾਵਾਂ ਨਿਭਾਈਆਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ------- ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਹੋਏ ਨਤਮਸਤਕ... ਨਗਰ ਕੀਰਤਨ ’ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਾਵਨ ਪਾਲਕੀ ਸਾਹਿਬ ਨੂੰ ਮੱਥਾ ਟੇਕਿਆ । ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਡੀਸੀ ਗੁਰਦਾਸਪੁਰ ਦਲਵਿੰਦਰਜੀਤ ਸਿੰਘ, ਐੱਸਐੱਸਪੀ ਸੁਹੇਲ ਕਾਸਮ ਮੀਰ, ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ, ,ਬਲਬੀਰ ਸਿੰਘ ਪੰਨੂ ਚੇਅਰਮੈਨ ਪਨਸਪ ਪੰਜਾਬ, ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਸ਼੍ਰੋਮਣੀ ਅਕਾਲੀ ਦਲ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਐਡਵੋਕੇਟ ਅਮਨਦੀਪ ਜੈਂਤੀਪੁਰ, ਮੇਅਰ ਸੁਖਦੀਪ ਸਿੰਘ ਤੇਜਾ, ਗੌਤਮ ਸੇਡ ਗੁੱਡੂ, ਡਾਕਟਰ ਲਖਬੀਰ ਸਿੰਘ ਭਾਗੋਵਾਲੀਆ, ਅਤੇ ਜ਼ਿਲ੍ਹੇ ਦੀ ਲੀਡਰਸ਼ਿਪ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਭਾਜਪਾ ਦੇ ਆਗੂਆਂ ਸਮੇਤ ਹੋਰ ਰਾਜਨੀਤਿਕ ਆਗੂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੁੰਦਰ ਮਾਲੇ ਭੇਟ ਕੀਤੇ ਗਏ ਅਤੇ ਪੰਜ ਪਿਆਰੇ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ। ----- ਲੋਕਾਂ ਨੇ ਭੰਗੂੜਿਆਂ ਅਤੇ ਹੋਰ ਮਨੋਰੰਜਨ ਸਾਧਨਾਂ ਦਾ ਆਨੰਦ ਮਾਣਿਆ... ਵਿਆਹ ਪੁਰਬ ਦੇ ਸਬੰਧ ’ਚ ਲੱਗੇ ਭੰਗੂੜਿਆਂ ’ਤੇ ਵੀ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਤੋਂ ਇਲਾਵਾ ਸੰਗਤ ਵੱਲੋਂ ਸ਼ਹਿਰ ’ਚ ਲੱਗੀਆਂ ਦੁਕਾਨਾਂ ਤੋਂ ਖਰੀਦਦਾਰੀ ਵੀ ਕੀਤੀ ਗਈ। ਹਾਲਾਂਕਿ ਮੀਂਹ ਦੇ ਨਾਲ ਵਿਆਹ ਪੁਰਬ ਦਾ ਰਸ ਫਿੱਕਾ ਦਿਖਿਆ, ਪਰ ਜਿਵੇਂ ਹੀ ਮੌਸਮ ਸਾਫ ਹੋਇਆ ਤਾਂ ਸੰਗਤ ’ਚ ਫਿਰ ਉਤਸ਼ਾਹ ਠਾਠਾ ਮਾਰਦਾ ਦਿਖਾਈ ਦਿੱਤਾ। ---------- ਐੱਸਐੱਸਪੀ ਬਟਾਲਾ ਤੇ ਪੁਲਿਸ ਅਧਿਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਗਈ ਸਲਾਮੀ... ਦੇਰ ਦੇਰ ਸ਼ਾਮ ਨਗਰ ਕੀਰਤਨ ਦਾ ਐੱਸਐੱਸਪੀ ਬਟਾਲਾ ਦਫ਼ਤਰ ਨਜ਼ਦੀਕ ਪੁੱਜਣ ’ਤੇ ਐੱਸਐੱਸਪੀ ਸੁਹੇਲ ਕਾਸਮ ਮੀਰ ਅਤੇ ਪੁਲਿਸ ਦੇ ਹੋਰ ਉੱਚ ਅਧਿਕਾਰੀਆਂ ਵੱਲੋਂ ਪਾਵਨ ਪਾਲਕੀ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ। ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਮਨਮੋਹਕ ਬੈਂਡ ਦੀਆਂ ਧੁਨਾਂ ਨਾਲ ਵਾਤਾਵਰਨ ਨੂੰ ਗੁਰਬਾਣੀ ਦੇ ਰੰਗਿਆ ਗਿਆ।