164 ਮਤਦਾਨ ਕੇਂਦਰਾਂ 'ਤੇ 1 ਲੱਖ 52 ਹਜ਼ਾਰ 757 ਵੋਟਰ ਵੋਟਿੰਗ ਪ੍ਰਕਿਰਿਆ ਵਿੱਚ ਲੈਣਗੇ ਭਾਗ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਜ਼ਿਲ੍ਹੇ ਵਿੱਚ ਨਗਰ ਨਿਗਮ ਬਟਾਲਾ ਤੋਂ ਇਲਾਵਾ ਨਗਰ ਕੌਂਸਲ ਧਾਰੀਵਾਲ, ਸ੍ਰੀ ਹਰਗੋਬਿੰਦਪੁਰ ਅਤੇ ਫਤਹਿਗੜ੍ਹ ਚੂੜੀਆਂ ਲਈ ਵੋਟਿੰਗ 26 ਮਈ ਨੂੰ ਹੋਣ ਜਾ ਰਹੀ ਹੈ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਜਾਣਕਾਰੀ ਅਨੁਸਾਰ ਬਟਾਲਾ ਨਗਰ ਨਿਗਮ ਦੇ 50 ਵਾਰਡਾਂ ਲਈ 122 ਮਤਦਾਨ ਕੇਂਦਰ ਬਣਾਏ ਗਏ ਹਨ, ਜਿੱਥੇ 1 ਲੱਖ 18 ਹਜ਼ਾਰ 422 ਵੋਟਰ ਵੋਟਿੰਗ ਪ੍ਰਕਿਰਿਆ ’ਚ ਭਾਗ ਲੈਣਗੇ। ਧਾਰੀਵਾਲ ਨਗਰ ਕੌਂਸਲ ਦੇ 13 ਵਾਰਡਾਂ ਲਈ 14 ਮਤਦਾਨ ਕੇਂਦਰ ਅਤੇ 12,473 ਵੋਟਰ ਹਨ। ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਦੇ 11 ਵਾਰਡਾਂ ਲਈ 11 ਮਤਦਾਨ ਕੇਂਦਰ ਅਤੇ 7,041 ਵੋਟਰ ਹਨ ਅਤੇ ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਦੇ 13 ਵਾਰਡਾਂ ਲਈ 17 ਮਤਦਾਨ ਕੇਂਦਰ ਅਤੇ 14,821 ਵੋਟਰ ਹਨ। ਕੁੱਲ 164 ਮਤਦਾਨ ਕੇਂਦਰਾਂ ’ਤੇ 1 ਲੱਖ 52 ਹਜ਼ਾਰ 757 ਵੋਟਰ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਲੈਣਗੇ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ 26 ਮਈ ਨੂੰ ਵੋਟਿੰਗ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਹੋਵੇਗਾ। ਵੋਟਿੰਗ ਲਈ ਸੋਮਵਾਰ ਨੂੰ ਪੋਲਿੰਗ ਪਾਰਟੀਆਂ ਅਲਾਟ ਕੀਤੇ ਗਏ ਸਟੇਸ਼ਨਾਂ ਵੱਲ ਰਵਾਨਾ ਹੋ ਜਾਣਗੀਆਂ।
ਦੂਜੇ ਪਾਸੇ ਚੋਣ ਨਿਰੀਖਕ ਰਾਕੇਸ਼ ਕੁਮਾਰ ਪੋਪਲੀ ਨੇ ਐਤਵਾਰ ਨੂੰ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਦਾ ਦੌਰਾ ਕੀਤਾ ਜਿੱਥੇ ਧਾਰੀਵਾਲ ਕੌਂਸਲ ਦਾ ਸਟ੍ਰਾਂਗ ਰੂਮ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜਨਰਲ) ਗੁਰਦਾਸਪੁਰ ਕਮ-ਰਿਟਰਨਿੰਗ ਅਫ਼ਸਰ ਧਾਰੀਵਾਲ ਵੀ ਮੌਜੂਦ ਰਹੇ। ਚੋਣ ਨਿਰੀਖਕ ਪੋਪਲੀ ਨੇ ਸੁਖਜਿੰਦਰ ਕਾਲਜ ਗਰੁੱਪ ਆਫ਼ ਇੰਸਟੀਚਿਊਟ ਹਰਦੋਛੰਨੀ ਰੋਡ ਗੁਰਦਾਸਪੁਰ ਵਿੱਚ ਬਣਾਏ ਗਏ ਸਟ੍ਰਾਂਗ ਰੂਮਾਂ ਦਾ ਨਿਰੀਖਣ ਕਰਦਿਆਂ ਉੱਥੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ, ਜਿੱਥੇ 24 ਘੰਟੇ ਸਟ੍ਰਾਂਗ ਰੂਮਾਂ ਦੀ ਕੜੀ ਸੁਰੱਖਿਆ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਕਾਉਂਟਿੰਗ ਸਟਾਫ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ।
--ਸ਼ਿਕਾਇਤਾਂ ਲਈ ਸੰਪਰਕ ਨੰਬਰ ਜਾਰੀ--
ਚੋਣ ਨਿਰੀਖਕ ਨੇ ਕਿਹਾ ਕਿ ਜੇਕਰ ਚੋਣ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਸ਼ਿਕਾਇਤ ਹੋਵੇ ਤਾਂ ਚੋਣ ਨਿਰੀਖਕ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ 98156-64124 ’ਤੇ ਜਾਂ ਉਨ੍ਹਾਂ ਦੇ ਲਾਇਜ਼ਨ ਅਫ਼ਸਰ ਜ਼ਿਲ੍ਹਾ ਟਾਊਨ ਪਲੈਨਰ ਗੁਰਦਾਸਪੁਰ ਰਿਤੇਸ਼ ਕੁਮਾਰ ਦੇ ਮੋਬਾਈਲ ਨੰਬਰ 87912-59388 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਰਿਟਰਨਿੰਗ ਅਫ਼ਸਰ ਕੁਲਦੀਪ ਚੰਦ ਨੇ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਆਦਿਤਿਆ ਉੱਪਲ ਦੀ ਅਗਵਾਈ ਵਿੱਚ ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਟ੍ਰਾਂਗ ਰੂਮ ਵਿੱਚ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
---98 ਨੇ ਵਾਪਸ ਲਏ ਸਨ ਨਾਮਜ਼ਦਗੀ ਪੱਤਰ---
ਜਾਣਕਾਰੀ ਅਨੁਸਾਰ 98 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ 314 ਉਮੀਦਵਾਰ ਚੋਣ ਮੈਦਾਨ ਵਿੱਚ ਬਚੇ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ ਕਰਨ ਤੋਂ ਬਾਅਦ 416 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ। ਬਟਾਲਾ ਨਗਰ ਨਿਗਮ ਤੋਂ 215, ਧਾਰੀਵਾਲ ਨਗਰ ਕੌਂਸਲ ਤੋਂ 73, ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ 52 ਅਤੇ ਫਤਹਿਗੜ੍ਹ ਚੂੜੀਆਂ ਤੋਂ 76 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ। ਬਟਾਲਾ ਨਗਰ ਨਿਗਮ ਤੋਂ 30, ਨਗਰ ਕੌਂਸਲ ਧਾਰੀਵਾਲ ਤੋਂ 22, ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ 31 ਅਤੇ ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਤੋਂ 15 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਸਨ। ਇਸ ਤੋਂ ਇਲਾਵਾ ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਘੋਸ਼ਿਤ ਕੀਤੇ ਜਾ ਚੁੱਕੇ ਹਨ।