ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਭਿਆਨਕ ਅੱਗ, ਤਿੰਨ ਦੁਕਾਨਾਂ ਸੜ ਕੇ ਸੁਆਹ; ਲੱਖਾਂ ਰੁਪਏ ਦਾ ਨੁਕਸਾਨ, ਪੀੜਤਾਂ ਨੇ ਮੰਗਿਆ ਮੁਆਵਜ਼ਾ
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਕਾਫੀ ਜੱਦੋ-ਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਉਦੋਂ ਤੱਕ ਤਿੰਨਾਂ ਦੁਕਾਨਾਂ ਵਿੱਚ ਪਿਆ ਜ਼ਿਆਦਾਤਰ ਸਮਾਨ ਸੜ ਚੁੱਕਾ ਸੀ।
Publish Date: Thu, 04 Jun 2026 11:14 AM (IST)
Updated Date: Thu, 04 Jun 2026 11:16 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ (ਪਠਾਨਕੋਟ ): ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਨਰੋਟ ਦੀ ਪੁਲੀ ਨੇੜੇ ਸਥਿਤ ਤਿੰਨ ਦੁਕਾਨਾਂ ਵਿੱਚ ਅਚਾਨਕ ਲੱਗੀ ਭਿਆਨਕ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕੁਝ ਹੀ ਸਮੇਂ ਵਿੱਚ ਤਿੰਨਾਂ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਕਾਫੀ ਜੱਦੋ-ਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਉਦੋਂ ਤੱਕ ਤਿੰਨਾਂ ਦੁਕਾਨਾਂ ਵਿੱਚ ਪਿਆ ਜ਼ਿਆਦਾਤਰ ਸਮਾਨ ਸੜ ਚੁੱਕਾ ਸੀ।
ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਦੋ ਦੁਕਾਨਾਂ ਦਾ ਲਗਭਗ ਚਾਰ-ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਇੱਕ ਦੁਕਾਨਦਾਰ ਨੂੰ ਅੱਠ ਤੋਂ ਦਸ ਲੱਖ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਿੱਚ ਚਿੰਤਾ ਦਾ ਮਾਹੌਲ ਹੈ। ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਹੋਏ ਆਰਥਿਕ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਆਪਣੇ ਕਾਰੋਬਾਰ ਨੂੰ ਖੜ੍ਹਾ ਕਰ ਸਕਣ।
ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਅੱਗ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਹੋਰ ਨੇੜਲੀਆਂ ਦੁਕਾਨਾਂ ਅਤੇ ਇਮਾਰਤਾਂ ਤੱਕ ਵੀ ਫੈਲ ਸਕਦੀ ਸੀ, ਜਿਸ ਨਾਲ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ।