ਸ਼ਾਮ ਦੇ ਸਮੇਂ ਭਾਰੀ ਵਾਹਨਾਂ ਦੀ ਐਂਟਰੀ 'ਤੇ ਰੋਕ : ਪਠਾਨਕੋਟ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ
ਸ਼ਾਮ ਦੇ ਸਮੇਂ ਭਾਰੀ ਵਾਹਨਾਂ ਦੀ ਐਂਟਰੀ 'ਤੇ ਰੋਕ
Publish Date: Fri, 01 May 2026 04:10 PM (IST)
Updated Date: Fri, 01 May 2026 04:11 PM (IST)
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਗਰਮੀ ਦੇ ਮੌਸਮ ਦੌਰਾਨ ਸ਼ਾਮ ਦੇ ਸਮੇਂ ਬਾਜ਼ਾਰਾਂ ਵਿੱਚ ਵਧ ਰਹੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਪਠਾਨਕੋਟ ਪੁਲਿਸ ਵੱਲੋਂ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪੁਲਿਸ ਅਨੁਸਾਰ ਪਿਛਲੇ ਸਮੇਂ ਦੌਰਾਨ ਸ਼ਾਮ ਦੇ ਵੇਲੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਕਈ ਸੜਕ ਹਾਦਸੇ ਵਾਪਰੇ ਹਨ, ਜਿਸ ਨਾਲ ਲੋਕਾਂ ਦੀ ਜਾਨ-ਮਾਲ ਨੂੰ ਖਤਰਾ ਪੈਦਾ ਹੋਇਆ ਹੈ। ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ, ਕੋਈ ਵੀ ਖਾਲੀ ਟਰੱਕ, ਟਿੱਪਰ ਜਾਂ ਟ੍ਰੈਕਟਰ-ਟਰਾਲੀ ਜੋ ਪਰਮਾਨੰਦ ਅਤੇ ਸੁੰਦਰਚੱਕ ਸਾਈਡ ਤੋਂ ਕੀੜੀ ਮੰਗਿਆਲ ਆਦਿ ਖੇਤਰਾਂ ਵੱਲ ਰੇਤ, ਬੱਜਰੀ ਜਾਂ ਹੋਰ ਖਣਿਜ ਸਮੱਗਰੀ ਲੈਣ ਲਈ ਜਾਂਦਾ ਹੈ, ਉਹ ਰਾਤ 9 ਵਜੇ ਤੋਂ ਪਹਿਲਾਂ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਇਸੇ ਤਰ੍ਹਾਂ ਕੋਈ ਵੀ ਟਰੱਕ, ਟਿੱਪਰ ਜਾਂ ਟ੍ਰੈਕਟਰ-ਟਰਾਲੀ ਜੋ ਬੱਜਰੀ ਜਾਂ ਹੋਰ ਖਣਿਜ ਸਮੱਗਰੀ ਲੈ ਕੇ ਕਰੱਸ਼ਰਾਂ ਤੋਂ ਵਾਪਸ ਆਉਂਦਾ ਹੈ, ਉਹ ਰਾਤ 10 ਵਜੇ ਤੋਂ ਪਹਿਲਾਂ ਸ਼ਹਿਰ ਤੋਂ ਬਾਹਰ ਨਹੀਂ ਨਿਕਲੇਗਾ। ਪਠਾਨਕੋਟ ਪੁਲਿਸ ਵੱਲੋਂ ਸਾਰੇ ਡਰਾਈਵਰਾਂ ਅਤੇ ਟਰਾਂਸਪੋਰਟਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।