Nawanshahr News : ਬੱਸ ਤੇ ਟਿੱਪਰ ਦੀ ਟੱਕਰ 'ਚ ਕੰਡਕਟਰ ਦੀ ਮੌਤ, ਬੱਸ ਚਾਲਕ ਸਣੇ 20 ਸਵਾਰੀਆਂ ਜ਼ਖ਼ਮੀ
ਬਹਿਰਾਮ ਨੇੜੇ ਬੱਸ ਅਤੇ ਟਿੱਪਰ ਦੀ ਟੱਕਰ ’ਚ ਬੱਸ ਕੰਡਕਟਰ ਦੀ ਮੌਤ ਅਤੇ ਬੱਸ ਚਾਲਕ ਸਣੇ 20 ਸਵਾਰੀਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਪੁਲਿਸ ਨੇ ਅਣਪਛਾਤੇ ਟਿੱਪਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
Publish Date: Sat, 09 May 2026 06:51 PM (IST)
Updated Date: Sat, 09 May 2026 06:55 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਬਹਿਰਾਮ ਨੇੜੇ ਬੱਸ ਅਤੇ ਟਿੱਪਰ ਦੀ ਟੱਕਰ ’ਚ ਬੱਸ ਕੰਡਕਟਰ ਦੀ ਮੌਤ ਅਤੇ ਬੱਸ ਚਾਲਕ ਸਣੇ 20 ਸਵਾਰੀਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਪੁਲਿਸ ਨੇ ਅਣਪਛਾਤੇ ਟਿੱਪਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਿਸ ਥਾਣਾ ਬਹਿਰਾਮ ਦੇ ਐੱਸਐੱਚਓ ਐੱਸਆਈ ਰਾਮਪਾਲ ਅਤੇ ਏਐੱਸਆਈ ਜਸਕਰਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੁਮਾਲਪੁਰ ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ਉਹ ਅਮ੍ਰਿਤਸਰ ਡੀਪੂ ਪੰਜਾਬ ਰੋਡਵੇਜ ’ਤੇ ਡਰਾਈਵਰੀ ਕਰਦਾ ਹੈ। ਉਹ ਬੱਸ ਨੂੰ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਜਾਣ ਲਈ ਤੁਰਿਆ। ਉਸ ਨਾਲ ਬੱਸ ਦਾ ਕੰਡਕਟਰ ਰਾਜਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਰਮਾਣਾ ਚੱਕ ਥਾਣਾ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸੀ।
ਬੱਸ ਜਦੋਂ ਪਿੰਡ ਮੱਲਾ ਸੋਢੀਆਂ ਕਰਾਸ ਕਰਕੇ ਮੇਨ ਸੜਕ ਪਰ ਬਹਿਰਾਮ ਸਾਈਡ ਨੂੰ ਜਾ ਰਹੇ ਸੀ ਤਾਂ ਬੱਸ ਦੇ ਅੱਗੇ ਰੇਤ ਨਾਲ ਭਰਿਆ ਟਿੱਪਰ ਵੀ ਬਹਿਰਾਮ ਸਾਈਡ ਨੂੰ ਜਾ ਰਿਹਾ ਸੀ। ਟਿੱਪਰ ਦੇ ਡਰਾਈਵਰ ਨੇ ਟਿੱਪਰ ਦੀ ਬ੍ਰੇਕ ਮਾਰੀ ਤੇ ਸਾਈਡ ਨੂੰ ਕੱਟ ਕੀਤਾ ਜਿਸ ਨਾਲ ਬੱਸ ਬੇਕਾਬੂ ਹੋ ਕੇ ਟਿੱਪਰ ਵਿਚ ਟਕਰਾ ਗਈ। ਜਿਸ ਨਾਲ ਉਸ ਦੇ ਅਤੇ ਕੰਡਕਟਰ ਰਾਜਵਿੰਦਰ ਸਿੰਘ ਅਤੇ ਬੱਸ ਵਿਚ ਬੈਠੀਆਂ ਸਵਾਰੀਆਂ ਦੇ ਸੱਟਾਂ ਲੱਗੀਆਂ।
ਬੱਸ ਵੀ ਨੁਕਸਾਨੀ ਗਈ ਅਤੇ ਟਿੱਪਰ ਡਿਵਾਈਡਰ ਵੱਲ ਜਾ ਪਲਟਿਆ, ਜਿਸ ਤੋਂ ਬਾਅਦ ਰਾਹਗੀਰਾਂ ਨੇ ਐਬੂਲੈਂਸ ਦਾ ਪ੍ਰਬੰਧ ਕਰਕੇ ਸਾਨੂੰ ਸਾਰਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬੰਗਾ ਪਚਾਇਆ। ਕੰਡਕਟਰ ਰਾਜਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਬੰਗਾ ਤੋਂ ਫਸਟ ਏਡ ਦੇ ਕੇ ਡਾਕਟਰ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਰੈਫਰ ਕਰ ਦਿੱਤਾ। ਪਤਾ ਲੱਗਾ ਕਿ ਰਾਜਵਿੰਦਰ ਸਿੰਘ ਦੀ ਜ਼ੇਰੇ ਇਲਾਜ ਮੌਤ ਹੋ ਗਈ ਹੈ। ਪੁਲਿਸ ਨੇ ਬੱਸ ਚਾਲਕ ਦੇ ਬਿਆਨ ’ਤੇ ਨਾ ਮਾਲੂਮ ਟਿੱਪਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।