ਸਰਕਾਰੀ ਸਕੂਲ ਤੋਂ ਯੂਨੀਵਰਸਿਟੀ ਟਾਪਰ ਤੱਕ: ਬੰਗਾ ਦੀ ਧੀ ਪ੍ਰਿਯੰਕਾ ਨੇ ਪੰਜਾਬ ਯੂਨੀਵਰਸਿਟੀ 'ਚ ਗੱਡੇ ਝੰਡੇ; ਐਮ. ਫਾਰਮੇਸੀ 'ਚ ਆਈ ਅੱਵਲ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਮ. ਫਾਰਮੇਸੀ (ਸਮੈਸਟਰ ਦੂਜਾ) ਦੇ ਐਲਾਨੇ ਨਤੀਜਿਆਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਹਲਕੇ ਅਧੀਨ ਆਉਂਦੇ ਪਿੰਡ ਪੂਨੀਆਂ ਦੀ ਵਿਦਿਆਰਥਣ ਪ੍ਰਿਯੰਕਾ ਨੇ ਯੂਨੀਵਰਸਿਟੀ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ।
Publish Date: Wed, 29 Apr 2026 03:06 PM (IST)
Updated Date: Wed, 29 Apr 2026 03:09 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਮ. ਫਾਰਮੇਸੀ (ਸਮੈਸਟਰ ਦੂਜਾ) ਦੇ ਐਲਾਨੇ ਨਤੀਜਿਆਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਹਲਕੇ ਅਧੀਨ ਆਉਂਦੇ ਪਿੰਡ ਪੂਨੀਆਂ ਦੀ ਵਿਦਿਆਰਥਣ ਪ੍ਰਿਯੰਕਾ ਨੇ ਯੂਨੀਵਰਸਿਟੀ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ।
ਸਰਕਾਰੀ ਸਕੂਲ ਤੋਂ ਯੂਨੀਵਰਸਿਟੀ ਟਾਪਰ ਤੱਕ ਦਾ ਸਫ਼ਰ
ਪ੍ਰਿਯੰਕਾ ਦੀ ਇਸ ਸਫ਼ਲਤਾ ਦੀ ਨੀਂਹ ਬੰਗਾ ਦੇ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੱਖੀ ਗਈ ਸੀ, ਜਿੱਥੋਂ ਉਸਨੇ ਬਾਰ੍ਹਵੀਂ ਜਮਾਤ ਪਾਸ ਕੀਤੀ। ਆਪਣੀ ਮਿਹਨਤ ਸਦਕਾ ਉਸਨੇ ਦਾਖ਼ਲਾ ਪ੍ਰੀਖਿਆ ਪਾਸ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਬੀ. ਫਾਰਮੇਸੀ ਵਿੱਚ ਦਾਖ਼ਲਾ ਲਿਆ। ਇਸ ਤੋਂ ਬਾਅਦ ਉਸਨੇ ਰਾਸ਼ਟਰੀ ਪੱਧਰ ਦਾ ਜੀ-ਪੈਟ (GPAT) ਟੈਸਟ ਪਾਸ ਕਰਕੇ ਸਕਾਲਰਸ਼ਿਪ ਹਾਸਲ ਕੀਤੀ ਅਤੇ ਐਮ. ਫਾਰਮੇਸੀ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ।
ਕੌਮਾਂਤਰੀ ਕੰਪਨੀ ਵਿੱਚ ਇੰਟਰਨਸ਼ਿਪ ਅਤੇ ਸਕਾਲਰਸ਼ਿਪ ਪ੍ਰਿਯੰਕਾ ਦੀ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਸਿੱਧ ਮੈਡੀਕਲ ਇੰਡਸਟਰੀ 'ਡਾਕਟਰ ਰੈਡੀਜ਼' ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਵੀ ਉਹ ਪਹਿਲੇ ਸਥਾਨ 'ਤੇ ਰਹੀ। ਇਸ ਉਪਲਬਧੀ ਸਦਕਾ ਉਸਨੂੰ ਹੈਦਰਾਬਾਦ ਸਥਿਤ ਉਨ੍ਹਾਂ ਦੀ ਇੰਡਸਟਰੀ ਵਿੱਚ ਨਕਦ ਸਕਾਲਰਸ਼ਿਪ ਦੇ ਨਾਲ ਇੰਟਰਨਸ਼ਿਪ ਕਰਨ ਦਾ ਮੌਕਾ ਵੀ ਮਿਲਿਆ ਹੈ।
ਪਰਿਵਾਰ ਅਤੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਇਸ ਸ਼ਾਨਦਾਰ ਨਤੀਜੇ ਨੇ ਪ੍ਰਿਯੰਕਾ ਦੇ ਪਿਤਾ ਵਿਪਨ ਕੁਮਾਰ (ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ), ਮਾਤਾ ਕੋਮਲ ਅਤੇ ਭਰਾਵਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਪ੍ਰਿਯੰਕਾ ਦੀ ਸਫ਼ਲਤਾ 'ਤੇ ਉਸਦੇ ਨਾਨਕਾ ਪਰਿਵਾਰ ਦੇ ਮੈਂਬਰਾਂ-ਸਰਪੰਚ ਜਸਪਾਲ, ਓਮ ਪ੍ਰਕਾਸ਼, ਗੁਰਦੀਪ ਇਟਲੀ ਅਤੇ ਹੋਰ ਪਤਵੰਤਿਆਂ ਨੇ ਵਧਾਈ ਦਿੰਦਿਆਂ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਪ੍ਰਿਯੰਕਾ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੀ ਸਹੀ ਰਹਿਨੁਮਾਈ ਨੂੰ ਦਿੱਤਾ ਹੈ। ਉਸਨੇ ਕਿਹਾ ਕਿ ਅਧਿਆਪਕਾਂ ਦੇ ਮਾਰਗਦਰਸ਼ਨ ਸਦਕਾ ਹੀ ਉਹ ਅੱਜ ਇਸ ਮੁਕਾਮ 'ਤੇ ਪਹੁੰਚੀ ਹੈ।