ਬਲਾਚੌਰ: ਫੁਟਬਾਲ ਮੈਚ ਦੌਰਾਨ ਮੈਦਾਨ 'ਚ ਡਿੱਗੇ 25 ਸਾਲਾ ਖਿਡਾਰੀ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰ
ਓਧਰ, ਬ੍ਰਹਮਚਾਰੀ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਖੇਡ ਪ੍ਰੇਮੀ ਸੁਨੀਲ ਕੌਸ਼ਲ ਲਾਡੀ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਰਵਿੰਦਰ ਦੀ ਮੌਤ ਇਲਾਕੇ ਅਤੇ ਖੇਡ ਜਗਤ ਲਈ ਇਕ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਉਨ੍ਹਾਂ ਦੇ ਨਾਲ ਰਾਜਕੁਮਾਰ ਬ੍ਰਿਗੇਡੀਅਰ ਨੇ ਵੀ ਪਰਿਵਾਰ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟਾਈਆਂ ਅਤੇ ਮ੍ਰਿਤਕ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
Publish Date: Wed, 11 Mar 2026 10:43 AM (IST)
Updated Date: Wed, 11 Mar 2026 10:54 AM (IST)
ਸੰਵਾਦ ਸੂਤਰ, ਜਾਗਰਣ, ਬਲਾਚੌਰ : ਬਲਾਚੌਰ ’ਚ ਫੁਟਬਾਲ ਮੈਚ ਦੌਰਾਨ ਇਕ ਖਿਡਾਰੀ ਦੀ ਛਾਤੀ ’ਚ ਅਚਾਨਕ ਤੇਜ਼ ਦਰਦ ਹੋਇਆ ਤੇ ਉਸ ਦੀ ਮੌਤ ਹੋ ਗਈ। ਖਿਡਾਰੀ ਦੀ ਪਛਾਣ ਪਿੰਡ ਮਜ਼ਾਰੀ ਨਿਵਾਸੀ ਰਵਿੰਦਰ ਸਿੰਘ (25) ਵਜੋਂ ਹੋਈ ਹੈ। ਖਿਡਾਰੀ ਦੀ ਮੌਤ ਦੇ ਬਾਅਦ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ।
ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਵੱਲੋਂ ਫੁਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਚੱਲ ਰਹੇ ਮੈਚ ’ਚ ਨਾਮਧਾਰੀ ਸਪੋਰਟਸ ਕਲੱਬ ਵੱਲੋਂ ਖੇਡ ਰਹੇ ਰਵਿੰਦਰ ਸਿੰਘ ਮੈਦਾਨ ’ਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ। ਖੇਡਦੇ ਹੋਏ ਅਚਾਨਕ ਉਸ ਦੇ ਸੀਨੇ ’ਚ ਤੇਜ਼ ਦਰਦ ਹੋਇਆ ਅਤੇ ਉਹ ਮੈਦਾਨ ’ਚ ਡਿੱਗ ਪਿਆ। ਇਸ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਨੇ ਤੁਰੰਤ ਮੈਚ ਰੋਕ ਦਿੱਤਾ ਅਤੇ ਰਵਿੰਦਰ ਨੂੰ ਹਸਪਤਾਲ ਪੁਹੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ। ਮੌਤ ਦਾ ਕਾਰਨ ਪਤਾ ਨਹੀਂ ਲੱਗਿਆ। ਡਾਕਟਰਾਂ ਮੁਤਾਬਕ ਪੋਸਟਮਾਰਟਮ ਰਿਪੋਰਟ ’ਚ ਹੀ ਕਾਰਨ ਦਾ ਪਤਾ ਲੱਗੇਗਾ।
ਓਧਰ, ਬ੍ਰਹਮਚਾਰੀ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਖੇਡ ਪ੍ਰੇਮੀ ਸੁਨੀਲ ਕੌਸ਼ਲ ਲਾਡੀ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਰਵਿੰਦਰ ਦੀ ਮੌਤ ਇਲਾਕੇ ਅਤੇ ਖੇਡ ਜਗਤ ਲਈ ਇਕ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਉਨ੍ਹਾਂ ਦੇ ਨਾਲ ਰਾਜਕੁਮਾਰ ਬ੍ਰਿਗੇਡੀਅਰ ਨੇ ਵੀ ਪਰਿਵਾਰ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟਾਈਆਂ ਅਤੇ ਮ੍ਰਿਤਕ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸੇ ਵੇਲੇ ਗੁਰੂ ਤੇਗ ਬਹਾਦੁਰ ਸਪੋਰਟਸ ਕਲੱਬ ਦੇ ਮੈਂਬਰਾਂ ਅਤੇ ਪਿੰਡ ਖਰੌਦ ਦੇ ਸਰਪੰਚ ਨੇ ਇੱਕਮਤ ਨਾਲ ਫੈਸਲਾ ਕਰਦੇ ਹੋਏ ਟੂਰਨਾਮੈਂਟ ਰੱਦ ਕਰ ਦਿੱਤਾ। ਖਿਡਾਰੀ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਜੱਦੀ ਪਿੰਡ ਮਜ਼ਾਰੀ ’ਚ ਕੀਤਾ ਜਾਵੇਗਾ।