ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਦੀ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ
ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ
Publish Date: Mon, 11 May 2026 04:59 PM (IST)
Updated Date: Mon, 11 May 2026 05:03 PM (IST)

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਬਿਲਡਿੰਗ ਦਾ ਨਿਰਮਾਣ ਕਾਰਜ ਅਧਿਕਾਰਤ ਤੌਰ ਤੇ ਸ਼ੁਰੂ ਹੋ ਗਿਆ ਹੈ। ਸ਼ਹਿਰ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਰੀਜਨਲ ਸੈਂਟਰ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਇਮਾਰਤ ਬਣਾਈ ਜਾਵੇ। ਪਿਛਲੇ ਲਗਭਗ 30 ਸਾਲਾਂ ਤੋਂ ਇਹ ਕੇਂਦਰ ਪੁਰਾਣੀ ਬਿਲਡਿੰਗ ਵਿੱਚ ਚੱਲ ਰਿਹਾ ਸੀ। ਇਸ ਇਤਿਹਾਸਕ ਪ੍ਰਾਪਤੀ ਤੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ ਜਾਂਦੀ ਹੈ। ਨਾਲ ਹੀ ਉਨ੍ਹਾਂ ਸਾਰੀਆਂ ਸਮਾਜਿਕ, ਵਿਦਿਅਕ ਅਤੇ ਸਿਆਸੀ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਮੇਂ-ਸਮੇਂ ਤੇ ਇਸ ਮੁੱਦੇ ਨੂੰ ਉਠਾਇਆ ਅਤੇ ਨਵੀਂ ਬਿਲਡਿੰਗ ਦੇ ਨਿਰਮਾਣ ਲਈ ਸੰਘਰਸ਼ ਕੀਤਾ। ਵਿਸ਼ੇਸ਼ ਤੌਰ ਤੇ ਕਪਿਲ ਸ਼ਰਮਾ, ਸੈਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾਹੈ, ਜਿਨ੍ਹਾਂ ਨੇ ਹਰ ਮੀਟਿੰਗ ’ਚ ਸ੍ਰੀ ਮੁਕਤਸਰ ਸਾਹਿਬ ਦੇ ਰੀਜਨਲ ਸੈਂਟਰ ਦੀ ਨਵੀਂ ਬਿਲਡਿੰਗ ਦਾ ਮੁੱਦਾ ਮਜ਼ਬੂਤੀ ਨਾਲ ਉਠਾਇਆ। ਉਨ੍ਹਾਂ ਨੇ ਲਗਾਤਾਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਸਾਹਮਣੇ ਇਹ ਮੰਗ ਰੱਖੀ ਅਤੇ ਨਵੀਂ ਬਿਲਡਿੰਗ ਦੇ ਨਿਰਮਾਣ ਲਈ ਨਿਰੰਤਰ ਯਤਨ ਕੀਤੇ। ਯੂਨੀਵਰਸਿਟੀ ਵੱਲੋਂ ਨਵੀਂ ਬਿਲਡਿੰਗ ਦੇ ਨਿਰਮਾਣ ਲਈ ਬਣਾਈ ਗਈ ਕਮੇਟੀ ਵਿੱਚ ਵੀ ਕਪਿਲ ਸ਼ਰਮਾ ਨੂੰ ਬਤੌਰ ਮੈਂਬਰ ਨਿਯੁਕਤ ਕੀਤਾ ਗਿਆ, ਜੋ ਕਿ ਉਨ੍ਹਾਂ ਦੇ ਸਮਰਪਣ ਅਤੇ ਸਰਗਰਮ ਭੂਮਿਕਾ ਦਾ ਸਬੂਤ ਹੈ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਅੱਜ ਇਹ ਸੁਪਨਾ ਸਾਕਾਰ ਹੁੰਦਾ ਦਿਖਾਈ ਦੇ ਰਿਹਾ ਹੈ। ਕਪਿਲ ਸ਼ਰਮਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਦੀ ਨਵੀਂ ਬਿਲਡਿੰਗ ਬਣਵਾਉਣਾ ਉਨ੍ਹਾਂ ਦਾ ਮੁੱਖ ਟੀਚਾ ਸੀ ਅਤੇ ਪਿਛਲੀਆਂ ਸੈਨੇਟ ਚੋਣਾਂ ਵਿੱਚ ਉਨ੍ਹਾਂ ਨੇ ਇਸੇ ਮੁੱਦੇ ਨੂੰ ਪ੍ਰਮੁੱਖ ਤੌਰ ਤੇ ਉਠਾ ਕੇ ਚੋਣ ਲੜੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀਆਂ ਨੇ ਉਨ੍ਹਾਂ ਨੂੰ ਭਰਪੂਰ ਪਿਆਰ ਅਤੇ ਆਸ਼ੀਰਵਾਦ ਦੇ ਕੇ ਭਾਰੀ ਵੋਟਾਂ ਨਾਲ ਜੇਤੂ ਬਣਾਇਆ, ਜਿਸ ਕਾਰਨ ਉਨ੍ਹਾਂ ਦੇ ਹੱਥ ਮਜ਼ਬੂਤ ਹੋਏ। ਕਪਿਲ ਸ਼ਰਮਾ ਨੇ ਇਸ ਪ੍ਰਾਪਤੀ ਦਾ ਸਿਹਰਾ ਸ਼ਹਿਰ ਨਿਵਾਸੀਆਂ, ਵਿਦਿਆਰਥੀਆਂ ਅਤੇ ਸਮਾਜ ਦੇ ਜਾਗਰੂਕ ਲੋਕਾਂ ਸਿਰ ਬੰਨ੍ਹਿਆ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਪ੍ਰੋ. ਆਰਡੀ ਬਾਂਸਲ ਨੂੰ ਯਾਦ ਕਰਦਿਆਂ ਕਿਹਾ ਕਿ ‘ਪ੍ਰੋਫ਼ੈਸਰ ਆਰਡੀ ਬਾਂਸਲ ਨੇ ਸਭ ਤੋਂ ਪਹਿਲਾਂ ਇਸ ਰੀਜਨਲ ਸੈਂਟਰ ਦੇ ਵਿਕਾਸ ਅਤੇ ਨਵੀਂ ਬਿਲਡਿੰਗ ਦਾ ਸੁਪਨਾ ਦੇਖਿਆ ਸੀ। ਅੱਜ ਇਸ ਕੰਮ ਦੀ ਸ਼ੁਰੂਆਤ ਉਨ੍ਹਾਂ ਦੇ ਸੁਪਨਿਆਂ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਅੱਗੇ ਕਿਹਾ, “ਤੁਸੀਂ ਸਾਰਿਆਂ ਨੇ ਮੈਨੂੰ ਵੋਟ ਪਾ ਕੇ ਅਤੇ ਸਮਰਥਨ ਦੇ ਕੇ ਮੇਰੇ ਹੱਥ ਮਜ਼ਬੂਤ ਕੀਤੇ। ਇਸੇ ਵਿਸ਼ਵਾਸ ਅਤੇ ਸਹਿਯੋਗ ਸਦਕਾ ਅੱਜ ਇਹ ਸੰਭਵ ਹੋ ਸਕਿਆ ਹੈ। ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ।” ਇਹ ਕੇਵਲ ਇੱਕ ਨਵੀਂ ਇਮਾਰਤ ਦਾ ਨਿਰਮਾਣ ਨਹੀਂ, ਸਗੋਂ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਅਕ ਵਿਕਾਸ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਸਮੁੱਚੇ ਸ਼ਹਿਰ ਲਈ ਇਹ ਮਾਣ ਅਤੇ ਖੁਸ਼ੀ ਦਾ ਮੌਕਾ ਹੈ।