ਮੁਕਤਸਰ ’ਚ ਜਲ ਸੰਕਟ, ਕਾਲਾ ਪਾਣੀ ਆਉਣ ਕਾਰਨ ਘਰਾਂ ਨੂੰ ਪਾਣੀ ਦੀ ਸਪਲਾਈ ਬੰਦ
ਮੁਕਤਸਰ ’ਚ ਜਲ ਸੰਕਟ, ਕਾਲਾ ਪਾਣੀ ਆਉਣ ਕਾਰਨ ਘਰਾਂ ’ਚ ਪਾਣੀ ਦੀ ਸਪਲਾਈ ਬੰਦ
Publish Date: Tue, 28 Apr 2026 05:05 PM (IST)
Updated Date: Tue, 28 Apr 2026 05:07 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਰਹਿੰਦ ਫੀਡਰ ਨਹਿਰ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਾਲੇ ਰੰਗ ਦਾ ਪਾਣੀ ਆਉਣ ਕਾਰਨ ਮੁਕਤਸਰ ’ਚ ਜਲ ਸੰਕਟ ਖੜ੍ਹਾ ਹੋ ਗਿਆ ਹੈ। ਪਾਣੀ ਦੇ ਦੂਸ਼ਿਤ ਹੋਣ ਕਾਰਨ ਰਾਜ ਸਰਕਾਰ ਨੇ ਇਹਤਿਆਤ ਵਜੋਂ ਘਰਾਂ ’ਚ ਵਾਟਰ ਸਪਲਾਈ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਿਰਦੇਸ਼ ਮਿਲਦੇ ਹੀ ਵਾਟਰ ਸਪਲਾਈ ਵਿਭਾਗ ਨੇ ਸ਼ਹਿਰ ’ਚ ਪਾਣੀ ਦੀ ਸਪਲਾਈ ਰੋਕ ਦਿੱਤੀ ਹੈ। ਅਚਾਨਕ ਸਪਲਾਈ ਠੱਪ ਹੋਣ ਕਾਰਨ ਸ਼ਹਿਰ ਦੇ ਲੋਕਾਂ ’ਚ ਹਾਹਾਕਾਰ ਮੱਚ ਗਈ ਹੈ। ਲੋਕ ਹੈਂਡਪੰਪਾਂ ਅਤੇ ਟੈਂਕਰਾਂ ਤੋਂ ਪਾਣੀ ਭਰਨ ਲਈ ਮਜਬੂਰ ਹਨ। ਗਰਮੀ ਦੇ ਮੌਸਮ ’ਚ ਪਾਣੀ ਦੀ ਕਿੱਲਤ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮੁਕਤਸਰ ’ਚ ਵਾਟਰ ਸਪਲਾਈ ਦੇ ਕੁੱਲ 10,500 ਘਰੇਲੂ ਕੁਨੈਕਸ਼ਨ ਹਨ। ਸ਼ਹਿਰ ਦੀ ਵੱਡੀ ਆਬਾਦੀ ਪੂਰੀ ਤਰ੍ਹਾਂ ਵਾਟਰ ਵਰਕਸ ਦੇ ਪਾਣੀ ’ਤੇ ਨਿਰਭਰ ਹੈ। ਇੱਥੋਂ ਦਾ ਜ਼ਮੀਨੀ ਪਾਣੀ ਖਾਰਾ ਅਤੇ ਫਲੋਰਾਈਡ ਯੁਕਤ ਹੋਣ ਕਾਰਨ ਪੀਣ ਯੋਗ ਨਹੀਂ ਹੈ। ਅਜਿਹੇ ’ਚ ਨਹਿਰ ਦਾ ਪਾਣੀ ਹੀ ਇੱਕੋ-ਇੱਕ ਸਹਾਰਾ ਹੈ। ਸਪਲਾਈ ਬੰਦ ਹੋਣ ਕਾਰਨ ਰੋਜ਼ਾਨਾ ਦੇ ਕੰਮਕਾਜ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਢਾ ਦਰਿਆ ਦਾ ਕੈਮੀਕਲ ਯੁਕਤ ਪਾਣੀ ਬਣਿਆ ਕਾਰਨ ਜਾਣਕਾਰੀ ਅਨੁਸਾਰ ਹਰੀਕੇ ਪੱਤਣ ’ਤੇ ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹੁੰਦਾ ਹੈ। ਇੱਥੋਂ ਹੀ ਸਰਹਿੰਦ ਫੀਡਰ ਨਹਿਰ ਨਿਕਲਦੀ ਹੈ ਜੋ ਮੁਕਤਸਰ ਸਮੇਤ ਕਈ ਜ਼ਿਲ੍ਹਿਆਂ ਨੂੰ ਪਾਣੀ ਦਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਵਿੱਚੋਂ ਗੁਜ਼ਰਨ ਵਾਲੇ ਬੁੱਢਾ ਦਰਿਆ ਦਾ ਕੈਮੀਕਲ ਮਿਲਿਆ ਦੂਸ਼ਿਤ ਪਾਣੀ ਨਹਿਰ ਵਿੱਚ ਛੱਡਿਆ ਜਾ ਰਿਹਾ ਹੈ। ਇਸੇ ਕਾਰਨ ਨਹਿਰ ਦਾ ਪਾਣੀ ਕਾਲਾ ਅਤੇ ਬਦਬੂਦਾਰ ਹੋ ਗਿਆ ਹੈ। ਗੰਭੀਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਸਿਹਤ ਵਿਭਾਗ ਦਾ ਮੰਨਣਾ ਹੈ ਕਿ ਇਹ ਪਾਣੀ ਪੀਣ ਨਾਲ ਪੇਟ ਦੇ ਰੋਗ, ਚਮੜੀ ਦੀ ਲਾਗ ਅਤੇ ਹੋਰ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ। ਲੋਕਾਂ ਦੀ ਸਿਹਤ ਨੂੰ ਖ਼ਤਰੇ ਤੋਂ ਬਚਾਉਣ ਲਈ ਹੀ ਪ੍ਰਸ਼ਾਸਨ ਨੇ ਸਪਲਾਈ ਰੋਕਣ ਦਾ ਫੈਸਲਾ ਲਿਆ ਹੈ। ਲੋਕਾਂ ਵੱਲੋਂ ਸਥਾਈ ਹੱਲ ਦੀ ਮੰਗ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਤੋਂ ਪਹਿਲਾਂ ਬੁੱਢਾ ਦਰਿਆ ਦਾ ਗੰਦਾ ਪਾਣੀ ਨਹਿਰ ਵਿੱਚ ਛੱਡ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਜਲ ਸਪਲਾਈ ਪ੍ਰਭਾਵਿਤ ਹੋ ਚੁੱਕੀ ਹੈ। ਲੋਕਾਂ ਨੇ ਸਰਕਾਰ ਤੋਂ ਸਥਾਈ ਹੱਲ ਅਤੇ ਫੈਕਟਰੀਆਂ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਮੁਕਤਸਰ ਦੇ ਲੋਕ ਸਾਫ਼ ਪਾਣੀ ਦੀ ਉਡੀਕ ਵਿੱਚ ਹਨ। ਪ੍ਰਸ਼ਾਸਨ ਦਾ ਦਾਅਵਾ ਹੈ ਕਿ 2-3 ਦਿਨਾਂ ਵਿੱਚ ਸਥਿਤੀ ਆਮ ਵਾਂਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਣੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ : ਐਸਡੀਓ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਸਡੀਓ ਜਗਮੋਹਨ ਸਿੰਘ ਸੰਧੂ ਨੇ ਦੱਸਿਆ ਕਿ ਨਹਿਰੀ ਪਾਣੀ ਖਰਾਬ ਹੋਣ ਕਾਰਨ ਘਰਾਂ ’ਚ ਪਾਣੀ ਦੀ ਸਪਲਾਈ ਫਿਲਹਾਲ ਬੰਦ ਕੀਤੀ ਗਈ ਹੈ। ਘਰਾਂ ’ਚ ਪਾਣੀ ਦੀ ਸਪਲਾਈ ਦਾ ਬਦਲਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ। ਤਿੰਨ ਬੋਰਵੈੱਲ ਚੱਲ ਰਹੇ ਹਨ, ਜਿਨ੍ਹਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਮੁਸ਼ਕਲ ਨਾ ਆਵੇ। ਜਲਦੀ ਹੀ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।