ਬੁਨਿਆਦੀ ਸਹੂਲਤਾਂ ਤੋਂ ਹਾਲੇ ਤੱਕ ਵਾਂਝੇ ਵਾਰਡ ਵਾਸੀ
ਬੁਨਿਆਦੀ ਸਹੂਲਤਾਂ ਤੋਂ ਹਾਲੇ ਤੱਕ ਵਾਂਝੇ ਵਾਰਡ ਵਾਸੀ
Publish Date: Wed, 13 May 2026 07:06 PM (IST)
Updated Date: Wed, 13 May 2026 07:09 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਐਲਾਨ ਦੇ ਨਾਲ ਹੀ ਮੁਕਤਸਰ ’ਚ ਸਿਆਸੀ ਪਾਰਾ ਚੜ੍ਹ ਗਿਆ ਹੈ। 31 ਵਾਰਡਾਂ ਵਾਲੇ ਇਸ ਸ਼ਹਿਰ ’ਚ ਇਸ ਵਾਰ ਚੋਣਾਂ ਦਾ ਕੇਂਦਰ ਬਿੰਦੂ ਗਲੀਆਂ, ਪਾਣੀ, ਸੀਵਰੇਜ, ਨਿਕਾਸੀ ਅਤੇ ਸਫ਼ਾਈ ਵਰਗੀਆਂ ਬੁਨਿਆਦੀ ਸਮੱਸਿਆਵਾਂ ਹਨ। ਪਿਛਲੇ ਪੰਜ ਸਾਲਾਂ ਤੋਂ ਜਨਤਾ ਇਨ੍ਹਾਂ ਹੀ ਮੁੱਦਿਆਂ ਨਾਲ ਜੂਝ ਰਹੀ ਹੈ। ਮੁਕਤਸਰ ’ਚ ਪਿਛਲੇ ਕਾਰਜਕਾਲ ਦੌਰਾਨ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ ਸੀ, ਜਦੋਂਕਿ ਹਲਕਾ ਵਿਧਾਇਕ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਦੋਵਾਂ ਧਿਰਾਂ ਵਿਚਾਲੇ ਖਿੱਚੋਤਾਣ ਕਾਰਨ ਸ਼ਹਿਰ ਦਾ ਵਿਕਾਸ ਪਿਛੜ ਗਿਆ। ਸ਼ਹਿਰ ਦੀਆਂ ਜਿਹੜੀਆਂ ਸੜਕਾਂ 10-15 ਸਾਲਾਂ ਤੋਂ ਟੁੱਟੀਆਂ ਪਈਆਂ ਸਨ, ਉਹ ਚੋਣਾਂ ਨੇੜੇ ਆਉਂਦੇ ਹੀ ਬਣਾਈਆਂ ਗਈਆਂ ਹਨ। ਸ਼ਹਿਰ ਦੇ ਕਈ ਵਾਰਡਾਂ ਵਿੱਚ ਹਾਲਾਤ ਜਿਉਂ ਦੇ ਤਿਉਂ ਹਨ। ਗਰਮੀ ਸ਼ੁਰੂ ਹੁੰਦੇ ਹੀ ਪੀਣ ਵਾਲੇ ਪਾਣੀ ਵਿੱਚ ਗੰਦਗੀ ਦੀਆਂ ਸ਼ਿਕਾਇਤਾਂ ਵਧ ਜਾਂਦੀਆਂ ਹਨ। ਕਈ ਇਲਾਕਿਆਂ ਵਿੱਚ ਅਜੇ ਵੀ ਸਾਫ਼ ਪਾਣੀ ਨਹੀਂ ਪਹੁੰਚ ਰਿਹਾ। ਸੀਵਰੇਜ ਦੀਆਂ ਪੁਰਾਣੀਆਂ ਲਾਈਨਾਂ ਹਰ ਦੂਜੇ ਦਿਨ ਜਾਮ ਹੋ ਜਾਂਦੀਆਂ ਹਨ। ਬਾਰਿਸ਼ ਦੌਰਾਨ ਹਾਲਾਤ ਹੋਰ ਵੀ ਵਿਗੜ ਜਾਂਦੇ ਹਨ; ਗਲੀਆਂ ਤਲਾਬ ਬਣ ਜਾਂਦੀਆਂ ਹਨ ਅਤੇ ਸੀਵਰੇਜ ਦਾ ਗੰਦਾ ਪਾਣੀ ਘਰਾਂ ਵਿੱਚ ਵੜ ਜਾਂਦਾ ਹੈ, ਜਿਸ ਨਾਲ ਮਕਾਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ। ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਨਾਲੀਆਂ ਦੀ ਸਫ਼ਾਈ ਨਹੀਂ ਹੁੰਦੀ। ਸਟਰੀਟ ਲਾਈਟਾਂ ਮਹੀਨਿਆਂ ਤੋਂ ਬੰਦ ਪਈਆਂ ਹਨ। ਨਾਜਾਇਜ਼ ਕਲੋਨੀਆਂ ਦੀ ਉਸਾਰੀ ਕਾਰਨ ਨਗਰ ਕੌਂਸਲ ਨੂੰ ਮਾਲੀਏ ਦਾ ਵੱਡਾ ਨੁਕਸਾਨ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਪੈਸਾ ਖ਼ਜ਼ਾਨੇ ਵਿੱਚ ਆਉਂਦਾ ਤਾਂ ਵਿਕਾਸ ਕਾਰਜਾਂ ਤੇ ਖ਼ਰਚ ਹੋ ਸਕਦਾ ਸੀ। ਲੋਕ ਬੋਲੇ,ਹੁਣ ਵਾਅਦੇ ਨਹੀਂ, ਕੰਮ ਚਾਹੀਦਾ ਵਾਰਡ ਨੰਬਰ 18 ਨਿਵਾਸੀ ਅਸ਼ੋਕ ਮਹਿੰਦਰਾ ਨੇ ਕਿਹਾ ਕਿ ਪੰਜ ਸਾਲਾਂ ਤੋਂ ਸਾਫ਼ ਪਾਣੀ ਨੂੰ ਤਰਸ ਰਹੇ ਹਾਂ। ਸੀਵਰੇਜ ਜਾਮ ਤੋਂ ਪਰੇਸ਼ਾਨ ਹੋ ਕੇ ਕਈ ਵਾਰ ਸੜਕਾਂ ਜਾਮ ਕਰਨੀਆਂ ਪਈਆਂ। ਹੁਣ ਅਜਿਹਾ ਪਾਰਸ਼ਦ ਚਾਹੀਦਾ ਹੈ ਜੋ ਕੰਮ ਕਰੇ। ਉਨ੍ਹਾਂ ਮਹਿਲਾ ਪਾਰਸ਼ਦਾਂ ਦੀ ਥਾਂ ਉਨ੍ਹਾਂ ਦੇ ਪਤੀਆਂ ਦੇ ਹਾਊਸ ਦੀ ਮੀਟਿੰਗ ਵਿੱਚ ਜਾਣ ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ। ਵਾਰਡ ਨੰਬਰ 16 ਨਿਵਾਸੀ ਪੇਂਟਰ ਨਿੰਦਰ ਸਿੰਘ ਨੇ ਕਿਹਾ ਕਿ ਸੜਕ ਨਾਲੋਂ ਗਲੀਆਂ ਨੀਵੀਆਂ ਹੋਣ ਕਾਰਨ ਬਾਰਿਸ਼ ਦਾ ਪਾਣੀ ਸਿੱਧਾ ਘਰਾਂ ਵਿੱਚ ਵੜਦਾ ਹੈ। ਜਾਂ ਤਾਂ ਗਲੀਆਂ ਉੱਚੀਆਂ ਕੀਤੀਆਂ ਜਾਣ ਜਾਂ ਨਿਕਾਸੀ ਦਾ ਪੱਕਾ ਪ੍ਰਬੰਧ ਹੋਵੇ। ਇਹ ਸਮੱਸਿਆ ਪੂਰੇ ਸ਼ਹਿਰ ਦੀ ਹੈ। ਵਾਰਡ ਨੰਬਰ 16 ਨਿਵਾਸੀ ਟਿੰਕੂ ਸਿੰਘ ਨੇ ਕਿਹਾ ਕਿ ਕੂੜਾ ਕਈ ਦਿਨਾਂ ਤੱਕ ਨਹੀਂ ਚੁੱਕਿਆ ਜਾਂਦਾ। ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ ਅਤੇ ਸੀਵਰੇਜ ਦੀ ਸਮੱਸਿਆ ਸਾਲਾਂ ਪੁਰਾਣੀ ਹੈ। ਪਹਿਲੇ 100 ਦਿਨਾਂ ’ਚ ਸਮਾਧਾਨ ਦੀ ਮੰਗ ਸ਼ਹਿਰ ਵਾਸੀਆਂ ਨੇ ਨਵੇਂ ਪਾਰਸ਼ਦਾਂ ਅੱਗੇ ਮੰਗ ਰੱਖੀ ਹੈ ਕਿ ਪਹਿਲੇ 100 ਦਿਨਾਂ ਵਿੱਚ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਹੱਲ ਕੀਤੀ ਜਾਵੇ। ਇਸ ਤੋਂ ਇਲਾਵਾ ਰੋਜ਼ਾਨਾ ਸਫ਼ਾਈ, ਡੋਰ-ਟੂ-ਡੋਰ ਕੂੜਾ ਕੁਲੈਕਸ਼ਨ, ਬੰਦ ਪਈਆਂ ਸਟਰੀਟ ਲਾਈਟਾਂ ਨੂੰ ਠੀਕ ਕਰਨਾ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਕੀ ਹਨ ਨੇਤਾਵਾਂ ਦੇ ਦਾਅਵੇ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਸ਼ਹਿਰ ’ਚ ਕਰੋੜਾਂ ਦੀ ਲਾਗਤ ਨਾਲ ਸੀਵਰੇਜ ਅਤੇ ਪਾਣੀ ਦੀਆਂ ਪਾਈਪਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਸੜਕਾਂ ਦਾ ਨਿਰਮਾਣ ਪੂਰਾ ਕਰਵਾ ਦਿੱਤਾ ਗਿਆ ਹੈ ਤੇ ਹਰ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਜ਼ਿਲ੍ਹਾ ਪ੍ਰਧਾਨ, ਅਕਾਲੀ ਦਲ ਨੇ ਕਿਹਾ ਕਿ ਲੋਕਾਂ ਨੂੰ ਸ੍ਰੋਮਣੀ ਅਕਾਲੀ ਦਲ ਤੇ ਭਰੋਸਾ ਹੈ। ਅਸੀਂ ਸੱਤਾ ’ਚ ਰਹਿੰਦਿਆਂ ਹਮੇਸ਼ਾ ਪਹਿਲ ਦੇ ਆਧਾਰ ਤੇ ਮੁਸ਼ਕਲਾਂ ਹੱਲ ਕੀਤੀਆਂ ਹਨ। ਨਗਰ ਕੌਂਸਲ ਚੋਣਾਂ ਜਿੱਤ ਕੇ ਸ਼ਹਿਰ ਦੀ ਹਰ ਸਮੱਸਿਆ ਦੂਰ ਕਰਾਂਗੇ। ਗੋਰਾ ਪਠੇਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਕਿਹਾ ਕਿ ਭਾਜਪਾ ਪੂਰੀ ਤਾਕਤ ਨਾਲ ਚੋਣ ਲੜੇਗੀ। ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਸ਼ੁਭਦੀਪ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ, ਕਾਂਗਰਸ ਨੇ ਕਿਹਾ ਕਿ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਤਿੰਨੋਂ ਨਗਰ ਕੌਂਸਲਾਂ ਵਿੱਚ ਕਾਂਗਰਸ ਜਿੱਤੇਗੀ। ਪਿਛਲੀ ਵਾਰ ਦੀ ਤਰ੍ਹਾਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਹੋਵੇਗਾ।