ਇਕੋ ਨੰਬਰ ਦੀਆਂ ਦੋ ਕਾਰਾਂ, ਇਕ ਕਾਰ ਦੇ ਹੋਏ 11 ਚਲਾਨ
ਇਕੋ ਨੰਬਰ ਦੀਆਂ ਦੋ ਕਾਰਾਂ, ਇਕ ਕਾਰ ਦੇ ਹੋਏ 11 ਚਲਾਨ
Publish Date: Mon, 27 Apr 2026 07:07 PM (IST)
Updated Date: Mon, 27 Apr 2026 07:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਵਿੱਚ ਇੱਕੋ ਕੰਪਨੀ ਅਤੇ ਇੱਕੋ ਨੰਬਰ ਦੀਆਂ ਦੋ ਵੱਖ-ਵੱਖ ਕਾਰਾਂ ਮਿਲਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਗਿੱਦੜਬਾਹਾ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਘਟਨਾ ਦਾ ਦੂਜਾ ਪਹਿਲੂ ਇਹ ਹੈ ਕਿ ਇੱਕ ਕਾਰ ਦੇ ਮਾਲਕ ਨੂੰ ਫੋਟੋ ਰਾਹੀਂ ਚੰਡੀਗੜ੍ਹ ਵਿੱਚ ਕਾਰ ਦੇ ਚਲਾਨ ਹੋਣ ਬਾਰੇ ਲਗਾਤਾਰ ਮੈਸੇਜ ਮਿਲ ਰਹੇ ਸਨ ਅਤੇ ਉਹ ਇਹ ਚਲਾਨ ਭਰ ਵੀ ਰਿਹਾ ਸੀ। ਮਹਿਮਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਹੁਸਨਰ ਨੇ ਦੱਸਿਆ ਕਿ ਉਸ ਨੇ ਫਰਵਰੀ 2026 ਵਿੱਚ ਨਵੀਂ ਔਰਾ (Aura) ਕਾਰ ਖਰੀਦੀ ਸੀ, ਪਰ ਕਾਰ ਖਰੀਦਣ ਤੋਂ ਲੈ ਕੇ ਹੁਣ ਤੱਕ ਉਸਦੀ ਕਾਰ ਦੇ ਕਰੀਬ 11 ਚਲਾਨ ਹੋ ਚੁੱਕੇ ਹਨ। ਇਸ ਸਬੰਧੀ ਉਸ ਨੇ ਚੰਡੀਗੜ੍ਹ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪਰ ਅੱਜ ਉਸਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਗਿੱਦੜਬਾਹਾ ਕੋਰਟ ਕੰਪਲੈਕਸ ਦੇ ਨੇੜੇ ਆਪਣੀ ਕਾਰ ਵਰਗੀ ਹੀ ਦੂਜੀ ਕਾਰ ਦੇਖੀ, ਜਿਸਦੀ ਕੰਪਨੀ, ਮਾਡਲ, ਰੰਗ ਅਤੇ ਇੱਥੋਂ ਤੱਕ ਕਿ ਰਜਿਸਟ੍ਰੇਸ਼ਨ ਨੰਬਰ ਵੀ ਬਿਲਕੁਲ ਇੱਕੋ ਜਿਹਾ ਸੀ। ਮਹਿਮਾ ਸਿੰਘ ਨੇ ਦੱਸਿਆ ਕਿ ਉਸ ਦੀ ਕਾਰ ਦੇ ਹੁਣ ਤੱਕ ਕਰੀਬ 25 ਹਜ਼ਾਰ ਰੁਪਏ ਦੇ ਚਲਾਨ ਹੋ ਚੁੱਕੇ ਹਨ। ਉਸ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਉਸ ਦੇ ਭਰੇ ਹੋਏ ਚਲਾਨਾਂ ਦੀ ਭਰਪਾਈ ਕਰਵਾਈ ਜਾਵੇ। ਇਸ ਮਾਮਲੇ ਸਬੰਧੀ ਐੱਸ.ਐੱਚ.ਓ. ਹਰਗੋਬਿੰਦ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।