ਪਿੰਡ ਬਾਦਲ ਦੇ ਨਰਸਿੰਗ ਇੰਸਟੀਚਿਊਟ 'ਚ ਦੁਖਾਂਤ: ਵਿਦਿਆਰਥਣ ਨੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸਦਮੇ ਕਾਰਨ 8 ਹੋਰ ਵਿਦਿਆਰਥਣਾਂ ਦੀ ਵਿਗੜੀ ਸਿਹਤ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਅਧੀਨ ਆਉਂਦੇ ਪਿੰਡ ਬਾਦਲ ਵਿਖੇ ਸਥਿਤ 'ਸਟੇਟ ਇੰਸਟੀਚਿਊਟ ਆਫ਼ ਨਰਸਿੰਗ ਐਂਡ ਪੈਰਾ ਮੈਡੀਕਲ ਸਾਇੰਸਜ਼' ਵਿੱਚ ਬੀਤੀ ਰਾਤ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ। ਇੱਥੇ ਹੋਸਟਲ ਵਿੱਚ ਰਹਿ ਰਹੀ ਨਰਸਿੰਗ ਦੀ ਇੱਕ ਵਿਦਿਆਰਥਣ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਹੋਸਟਲ ਵਿੱਚ ਦਹਿਸ਼ਤ ਅਤੇ ਸਦਮੇ ਦਾ ਮਾਹੌਲ ਹੈ।
Publish Date: Wed, 29 Apr 2026 12:09 PM (IST)
Updated Date: Wed, 29 Apr 2026 12:11 PM (IST)

ਪੱਤਰ ਪ੍ਰੇਰਕ, ਲੰਬੀ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਅਧੀਨ ਆਉਂਦੇ ਪਿੰਡ ਬਾਦਲ ਵਿਖੇ ਸਥਿਤ 'ਸਟੇਟ ਇੰਸਟੀਚਿਊਟ ਆਫ਼ ਨਰਸਿੰਗ ਐਂਡ ਪੈਰਾ ਮੈਡੀਕਲ ਸਾਇੰਸਜ਼' ਵਿੱਚ ਬੀਤੀ ਰਾਤ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ। ਇੱਥੇ ਹੋਸਟਲ ਵਿੱਚ ਰਹਿ ਰਹੀ ਨਰਸਿੰਗ ਦੀ ਇੱਕ ਵਿਦਿਆਰਥਣ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਹੋਸਟਲ ਵਿੱਚ ਦਹਿਸ਼ਤ ਅਤੇ ਸਦਮੇ ਦਾ ਮਾਹੌਲ ਹੈ।
ਰੋਪੜ ਦੀ ਰਹਿਣ ਵਾਲੀ ਸੀ ਵਿਦਿਆਰਥਣ
ਮ੍ਰਿਤਕਾ ਦੀ ਪਛਾਣ ਤਨੂ ਪ੍ਰੀਆ ਵਜੋਂ ਹੋਈ ਹੈ, ਜੋ ਰੋਪੜ ਜ਼ਿਲ੍ਹੇ ਦੇ ਪਿੰਡ ਜਟਵੜ ਦੀ ਰਹਿਣ ਵਾਲੀ ਸੀ। ਤਨੂ ਪ੍ਰੀਆ ਨਰਸਿੰਗ ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਉਹ ਕਮਰੇ ਵਿੱਚ ਇਕੱਲੀ ਸੀ। ਰਾਤ ਕਰੀਬ 11 ਵਜੇ ਜਦੋਂ ਹੋਰ ਵਿਦਿਆਰਥਣਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਹੋਸਟਲ ਪ੍ਰਬੰਧਕਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਸਦਮਾ ਸਹਿ ਨਾ ਸਕੀਆਂ ਸਾਥੀ ਵਿਦਿਆਰਥਣਾਂ
ਇਸ ਖ਼ੁਦਕੁਸ਼ੀ ਦੇ ਸਦਮੇ ਕਾਰਨ ਹੋਸਟਲ ਦੀਆਂ 8 ਹੋਰ ਵਿਦਿਆਰਥਣਾਂ ਦੀ ਹਾਲਤ ਅਚਾਨਕ ਵਿਗੜ ਗਈ। ਬਿਮਾਰ ਹੋਣ ਵਾਲੀਆਂ ਵਿੱਚ ਮ੍ਰਿਤਕਾ ਦੀਆਂ ਦੋ ਰੂਮਮੇਟ (ਜੋ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹਨ) ਅਤੇ 6 ਹੋਰ ਕੁੜੀਆਂ ਸ਼ਾਮਲ ਹਨ। ਉਨ੍ਹਾਂ ਨੂੰ ਤੁਰੰਤ ਦੇਰ ਰਾਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਸੂਚਨਾ ਮਿਲਦੇ ਹੀ ਲੰਬੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹੋਸਟਲ ਦੇ ਕਮਰੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।