ਮਿੰਨੀ ਬੱਸ ਨੂੰ ਹਾਦਸਾ, ਤਿੰਨ ਵਿਅਕਤੀ ਜ਼ਖ਼ਮੀ
ਮਿੰਨੀ ਬੱਸ ਦਾ ਹੋਇਆ ਹਾਦਸਾ ਗ੍ਰਸਤ ਤਿੰਨ ਜਣੇ ਗੰਭੀਰ ਜਖ਼ਮੀ
Publish Date: Mon, 15 Sep 2025 04:59 PM (IST)
Updated Date: Mon, 15 Sep 2025 04:59 PM (IST)
ਬਲਕਰਨ ਜਟਾਣਾ. ਪੰਜਾਬੀ ਜਾਗਰਣ ਮਲੋਟ : ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਹਲਕਾ ਲੰਬੀ ਦੇ ਪਿੰਡ ਅਸਪਾਲ ਵਿਖੇ ਇੱਕ ਮਿੰਨੀ ਬੱਸ ਬਾਬਾ ਬੁੱਢਾ ਸਾਹਿਬ ਟਰੈਵਲ ਹਾਦਸਾ ਗ੍ਰਸਤ ਹੋ ਗਈ। ਇਸ ਦੌਰਾਨ ਤਿੰਨ ਵਿਅਕਤੀ ਗੰਭੀਰ ਜਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਉਕਤ ਮਿੰਨੀ ਬੱਸ ਦੁਪਹਿਰ ਕਰੀਬ 1 ਵਜ੍ਹੇ ਮਲੋਟ ਤੋਂ ਅਬੋਹਰ ਵਾਇਆ ਅਸਪਾਲ ਜਾ ਰਹੀ ਸੀ ਤੇ ਬੱਸ ’ਚ ਤਕਰੀਬਨ 10 ਤੋਂ 12 ਸਵਾਰੀਆਂ ਸਨ। ਪਿੰਡ ਅਸਪਾਲ ’ਚ ਆ ਕੇ ਬੱਸ ’ਚ ਤਕਨੀਕੀ ਖਰਾਬੀ ਆ ਜਾਣ ਕਰਕੇ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਸਟੈਂਡ ਤੇ ਬਣੇ ਸ਼ੈੱਡ ’ਚ ਜਾ ਵੜੀ ਅਤੇ ਸ਼ੈੱਡ ਦੇ ਪਿਲਰ ਤੋੜ ਕੇ ਸਾਰੀ ਬੱਸ ਵਿੱਚ ਧੱਸ ਗਈ। ਇਸ ਦਰਮਿਆਨ ਸ਼ੈੱਡ ਦੀ ਛੱਤ ਬੱਸ ਦੇ ਉੱਪਰ ਆ ਡਿੱਗੀ। ਇਸ ਹਾਦਸੇ ’ਚ ਬੱਸ ਡਰਾਈਵਰ, ਕੰਡਕਟਰ ਅਤੇ ਪਿੰਡ ਅਸਪਾਲ ਦੀ ਇੱਕ ਲੜਕੀ ਕਾਜਲ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਦੁਆਰਾ 112 ਨੰਬਰ ’ਤੇ ਫੋਨ ਕੀਤਾ ਗਿਆ ਤਾਂ ਪੁਲਿਸ ਨੇ ਆ ਕੇ ਜਖ਼ਮੀਆਂ ਨੂੰ ਸੀਐਚਸੀ ਆਲਮਵਾਲਾ ਵਿਖੇ ਦਾਖਲ ਕਰਵਾਇਆ। ਸੀਐਚਸੀ ਆਲਮਵਾਲਾ ਦੁਆਰਾ ਜਖ਼ਮੀਆਂ ਨੂੰ ਤੁਰੰਤ ਸਿਵਲ ਹਸਪਾਤ ਮਲੋਟ ਵਿਖੇ ਰੈਫਰ ਕਰ ਦਿੱਤਾ ਗਿਆ। ਓਧਰ ਕਬਰਵਾਲਾ ਪੁਲਿਸ ਗੰਭੀਰਤਾ ਨਾਲ ਤਫਤੀਸ਼ ’ਚ ਜੁਟ ਗਈ ਹੈ।