ਆਪਸੀ ਝਗੜੇ ਤੋਂ ਬਾਅਦ ਨਹਿਰ 'ਚ ਛਾਲ ਮਾਰਨ ਵਾਲੇ ਪਿਓ-ਪੁੱਤ ਦੀ ਦੂਜੇ ਦਿਨ ਵੀ ਭਾਲ ਜਾਰੀ, NDRF ਦੀਆਂ ਟੀਮਾਂ ਤਾਇਨਾਤ
ਮੁਕਤਸਰ ’ਚ ਬੁੱਧਵਾਰ ਸਵੇਰੇ ਆਪਸੀ ਝਗੜੇ ਤੋਂ ਬਾਅਦ ਪਿੰਡ ਝਬੇਲਵਾਲੀ ਨੇੜੇ ਸਰਹਿੰਦ ਫੀਡਰ ਨਹਿਰ ’ਚ ਛਾਲ ਮਾਰਨ ਵਾਲੇ ਪਿਓ-ਪੁੱਤ ਦੀ ਭਾਲ ਦੂਜੇ ਦਿਨ ਵੀ ਜਾਰੀ ਹੈ। ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਵੀਰਵਾਰ ਸਵੇਰ ਤੋਂ ਹੀ ਨਹਿਰ ’ਚ ਸਰਚ ਆਪਰੇਸ਼ਨ ਚਲਾ ਰਹੀਆਂ ਹਨ ਪਰ ਅਜੇ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
Publish Date: Thu, 21 May 2026 12:24 PM (IST)
Updated Date: Thu, 21 May 2026 12:28 PM (IST)
ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ। ਮੁਕਤਸਰ ’ਚ ਬੁੱਧਵਾਰ ਸਵੇਰੇ ਆਪਸੀ ਝਗੜੇ ਤੋਂ ਬਾਅਦ ਪਿੰਡ ਝਬੇਲਵਾਲੀ ਨੇੜੇ ਸਰਹਿੰਦ ਫੀਡਰ ਨਹਿਰ ’ਚ ਛਾਲ ਮਾਰਨ ਵਾਲੇ ਪਿਓ-ਪੁੱਤ ਦੀ ਭਾਲ ਦੂਜੇ ਦਿਨ ਵੀ ਜਾਰੀ ਹੈ। ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਵੀਰਵਾਰ ਸਵੇਰ ਤੋਂ ਹੀ ਨਹਿਰ ’ਚ ਸਰਚ ਆਪਰੇਸ਼ਨ ਚਲਾ ਰਹੀਆਂ ਹਨ ਪਰ ਅਜੇ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਇਹ ਘਟਨਾ ਬੁੱਧਵਾਰ ਸਵੇਰੇ ਕਰੀਬ 10 ਵਜੇ ਦੀ ਹੈ। ਦਸ਼ਮੇਸ਼ ਨਗਰ ਦੇ ਰਹਿਣ ਵਾਲੇ 25 ਸਾਲਾ ਹਰਤੇਜ ਸਿੰਘ ਅਤੇ ਉਸ ਦੇ ਪਿਤਾ ਮੱਖਣ ਸਿੰਘ, ਜੋ ਥਾਣਾ ਸਿਟੀ ਦੇ ਸਾਹਮਣੇ ਸਬਜ਼ੀ ਮੰਡੀ ਵਿੱਚ ਫਲ-ਸਬਜ਼ੀ ਦੀ ਰੇਹੜੀ ਲਗਾਉਂਦੇ ਸਨ, ਵਿਚਕਾਰ ਖ਼ਰਾਬ ਮਾਲ ਕਾਰਨ ਹੋਏ ਆਰਥਿਕ ਨੁਕਸਾਨ ਨੂੰ ਲੈ ਕੇ ਬਹਿਸ ਹੋ ਗਈ ਸੀ।
ਗੁੱਸੇ ਵਿੱਚ ਆ ਕੇ ਹਰਤੇਜ ਘਰੋਂ ਨਿਕਲਿਆ ਅਤੇ ਕੋਟਕਪੂਰਾ ਰੋਡ ਪਿੰਡ ਝਬੇਲਵਾਲੀ ਨੇੜੇ ਸਥਿਤ ਸਰਹਿੰਦ ਫੀਡਰ ਨਹਿਰ ’ਚ ਛਾਲ ਮਾਰ ਦਿੱਤੀ। ਪੁੱਤ ਨੂੰ ਡੁੱਬਦਾ ਦੇਖ ਕੇ ਪਿਤਾ ਮੱਖਣ ਸਿੰਘ ਵੀ ਉਸ ਨੂੰ ਬਚਾਉਣ ਲਈ ਨਹਿਰ ’ਚ ਕੁੱਦ ਪਿਆ।
ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੋਵੇਂ ਦੇਖਦੇ ਹੀ ਦੇਖਦੇ ਲਾਪਤਾ ਹੋ ਗਏ। ਹਰਤੇਜ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਅੱਠ ਮਹੀਨਿਆਂ ਦਾ ਪੁੱਤਰ ਹੈ। ਮੱਖਣ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਜ਼ਿਆਦਾ ਫਲ-ਸਬਜ਼ੀ ਖਰੀਦਣ ਕਾਰਨ ਨੁਕਸਾਨ ਹੋਇਆ ਸੀ, ਜਿਸ ਕਾਰਨ ਪਿਤਾ ਵੱਲੋਂ ਮਾਰੀ ਗਈ ਡਾਂਟ ਤੋਂ ਨਾਰਾਜ਼ ਹੋ ਕੇ ਹਰਤੇਜ ਨੇ ਇਹ ਕਦਮ ਚੁੱਕਿਆ।