ਮਾਵਾਂ-ਭੈਣਾਂ ਨੂੰ ਜੋ ਮਾਣ ਸਤਿਕਾਰ ਮਾਨ ਸਰਕਾਰ ਨੇ ਦਿੱਤਾ ਉਹ ਪਹਿਲਾਂ ਕਿਸੇ ਨੇ ਨਹੀਂ ਦਿੱਤਾ : ਵਿਧਾਇਕ ਡਿੰਪੀ ਢਿੱਲੋਂ
ਮਾਵਾਂ ਭੈਣਾਂ ਨੂੰ ਜੋ ਮਾਣ ਸਤਿਕਾਰ ਮਾਨ ਸਰਕਾਰ ਨੇ ਦਿੱਤਾ ਉਹ ਪਹਿਲਾਂ ਕਿਸੇ ਨੇ ਨਹੀਂ ਦਿੱਤਾ : ਵਿਧਾਇਕ ਡਿੰਪੀ ਢਿੱਲੋਂ
Publish Date: Sat, 18 Apr 2026 05:07 PM (IST)
Updated Date: Sat, 18 Apr 2026 05:09 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਗਿੱਦੜਬਾਹਾ ਵਿਖੇ ਹਲਕੇ ਦੀਆਂ ਬਲਾਕ ਪ੍ਰਧਾਨ, ਪਿੰਡ ਪ੍ਰਧਾਨ ਅਤੇ ਪਾਰਟੀ ਦੀਆਂ ਇਸਤਰੀਆਂ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ’ਚ ਵਿਧਾਇਕ ਡਿੰਪੀ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਬੰਧੀ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ, ਨਵੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਮਾਵਾਂ ਅਤੇ ਭੈਣਾਂ ਨੂੰ ਜੋ ਮਾਣ ਸਤਿਕਾਰ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਉਹ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਐਸਸੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਅਤੇ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਮਹਿਲਾਵਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ ਅਤੇ ਇਸਨੂੰ ਲੈ ਕੇ ਸੂਬੇ ਭਰ ’ਚ ਵੱਡਾ ਉਤਸ਼ਾਹ ਹੈ। ਫਾਰਮ ਆਂਗਨਵਾੜੀ ਕੇਂਦਰਾਂ ਤੋਂ ਇਲਾਵਾ ਪਿੰਡ ਅਤੇ ਬੂਥ ਪੱਧਰ ’ਤੇ ਮੋਟੀਵੇਟਰ ਜੋ ਘਰ-ਘਰ ਜਾ ਕੇ ਮਹਿਲਾਵਾਂ ਨੂੰ ਜਾਗਰੂਕ ਕਰਨ ਅਤੇ ਫਾਰਮ ਭਰਨ ਲਈ ਮਦਦ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸਿਰਫ ਉਹ ਮਹਿਲਾਵਾਂ ਇਸ ਯੋਜਨਾ ਤੋਂ ਬਾਹਰ ਹਨ ਜੋ ਇਨਕਮ ਟੈਕਸ ਅਦਾ ਕਰਦੀਆਂ ਹਨ। ਇਸਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਆਮਦਨ ਸੀਮਾ ਨਹੀਂ ਰੱਖੀ ਗਈ ਅਤੇ ਹਰ ਵਰਗ, ਜਾਤੀ ਅਤੇ ਧਰਮ ਨਾਲ ਸੰਬੰਧਿਤ ਮਹਿਲਾਵਾਂ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਕੰਮ ਅਤੇ ਹਰ ਵਰਗ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਘਰ ਘਰ ਜਾ ਕੇ ਜਾਣਕਾਰੀ ਦੇਣਾ ਬਹੁਤ ਜਰੂਰੀ ਹੈ। ਇਸ ਮੌਕੇ ਹਲਕਾ ਕੋਆਰਡੀਨੇਟਰ ਮਨਜੀਤ ਕੌਰ ਕੋਟਭਾਈ, ਸਤਵੀਰ ਕੌਰ ਅਤੇ ਗੁਰਪ੍ਰੀਤ ਕੌਰ ਤੋਂ ਇਲਾਵਾ ਸੁਖਪ੍ਰੀਤ ਕੌਰ, ਹਰਪ੍ਰੀਤ ਕੌਰ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਹਰਮੀਤ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਸੁਖਬੀਰ ਕੌਰ, ਹਰਪ੍ਰੀਤ ਕੌਰ, ਰੇਖਾ ਰਾਣੀ ਗਿੱਦੜਬਾਹਾ, ਜਸਵਿੰਦਰ ਕੌਰ ਤੋਂ ਇਲਾਵਾ ਪਿੰਡ ਦੀਆਂ ਪ੍ਰਧਾਨ ਅਤੇ ਇਸਤਰੀ ਆਗੂ ਹਾਜਰ ਸਨ।