ਮੂੰਹੋਂ ਬੋਲਦੀਆਂ ਨੇ ਸੇਵਕ ਹੰਸ ਦੀਆਂ ਬਣਾਈਆਂ ਤਸਵੀਰਾਂ
ਮੂੰਹੋਂ ਬੋਲਦੀਆਂ ਨੇ ਸੇਵਕ ਹੰਸ ਦੀਆਂ ਬਣਾਈਆਂ ਪੇਂਟਿੰਗਾਂ
Publish Date: Wed, 22 Apr 2026 03:22 PM (IST)
Updated Date: Wed, 22 Apr 2026 03:25 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕਹਿੰਦੇ ਹਨ ਕਿ ਕਲਾ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ ਹੁੰਦੀ, ਪਰ ਜਦੋਂ ਕਲਾ ਤੇ ਜਜ਼ਬਾ ਇੱਕ-ਮਿਕ ਹੋ ਜਾਣ ਤਾਂ ‘ਸੇਵਕ ਹੰਸ’ ਵਰਗੇ ਕਲਾਕਾਰ ਪੈਦਾ ਹੁੰਦੇ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੂੜੀ ਸੰਘਰ ਦਾ ਇਹ ਨੌਜਵਾਨ ਅੱਜ ਚਿੱਤਰਕਾਰੀ ਦੀ ਦੁਨੀਆ ’ਚ ਇੱਕ ਅਜਿਹਾ ਨਾਂ ਬਣ ਚੁੱਕਾ ਹੈ, ਜਿਸ ਦੀਆਂ ਬਣਾਈਆਂ ਤਸਵੀਰਾਂ ਵੇਖਣ ਵਾਲੇ ਨੂੰ ਹੈਰਾਨ ਕਰ ਦਿੰਦੀਆਂ ਹਨ। ਲੋਕ ਕਹਿੰਦੇ ਹਨ ਕਿ ਸੇਵਕ ਦੀ ਬੁਰਸ਼ ਜਦੋਂ ਕੈਨਵਸ ’ਤੇ ਚੱਲਦੀ ਹੈ, ਤਾਂ ਉਹ ਰੰਗ ਨਹੀਂ ਭਰਦੀ, ਸਗੋਂ ਰੂਹ ਫੂਕਦੀ ਹੈ। ਸੇਵਕ ਹੰਸ ਦੀ ਕਲਾ ਦਾ ਲੋਹਾ ਪੰਜਾਬ ਦੀਆਂ ਵੱਡੀਆਂ ਹਸਤੀਆਂ ਮੰਨ ਚੁੱਕੀਆਂ ਹਨ। ਉਸਨੇ ਆਪਣੀ ਕਲਾ ਰਾਹੀਂ ਪੰਜਾਬੀ ਸਿਨੇਮਾ ਦੇ ਦਮਦਾਰ ਅਦਾਕਾਰ ਗੁੱਗੂ ਗਿੱਲ, ਖੂਬਸੂਰਤ ਅਦਾਕਾਰਾ ਪ੍ਰੀਤੀ ਸਪਰੂ ਅਤੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੁਰਜੀਤ ਪਾਤਰ ਵਰਗੀਆਂ ਸ਼ਖ਼ਸੀਅਤਾਂ ਦੇ ਹੂ-ਬ-ਹੂ ਚਿੱਤਰ ਉਲੀਕੇ ਹਨ। ਜਦੋਂ ਇਹ ਪੇਂਟਿੰਗਾਂ ਉਨ੍ਹਾਂ ਹਸਤੀਆਂ ਨੂੰ ਭੇਂਟ ਕੀਤੀਆਂ ਗਈਆਂ ਤਾਂ ਉਹ ਵੀ ਕਲਾਕਾਰ ਦੀ ਬਾਰੀਕੀ ਦੇਖ ਕੇ ਦੰਗ ਰਹਿ ਗਏ। ਸੰਗੀਤ ਤੇ ਚਿੱਤਰਕਾਰੀ ਦਾ ਅਨੋਖਾ ਸੰਗਮ ਸੇਵਕ ਹੰਸ ਸਿਰਫ਼ ਰੰਗਾਂ ਦਾ ਹੀ ਮਾਹਿਰ ਨਹੀਂ, ਸਗੋਂ ਸੁਰਾਂ ਦੀ ਦੁਨੀਆਂ ਨਾਲ ਵੀ ਉਸਦਾ ਗੂੜ੍ਹਾ ਰਿਸ਼ਤਾ ਹੈ। ਉਸਨੇ ਪਦਮਸ੍ਰੀ ਉਸਤਾਦ ਹੰਸ ਰਾਜ ਹੰਸ ਜੀ ਦੀ ਸਰਪ੍ਰਸਤੀ ਹੇਠ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਇੰਨਾ ਹੀ ਨਹੀਂ, ਉਸਨੂੰ ਉਸਤਾਦ ਪੂਰਨ ਸ਼ਾਹ ਕੋਟੀ ਅਤੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਸੰਗਤ ਵਿੱਚ ਰਹਿਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਹਾਲਾਂਕਿ, ਘਰੇਲੂ ਹਾਲਾਤ ਅਤੇ ਮਜ਼ਬੂਰੀਆਂ ਦੀਆਂ ਜ਼ੰਜੀਰਾਂ ਨੇ ਉਸਦੇ ਗਾਇਕੀ ਦੇ ਚਾਅ ਨੂੰ ਕੁਝ ਸਮੇਂ ਲਈ ਬਰੇਕਾਂ ਜ਼ਰੂਰ ਲਗਾਈਆਂ, ਪਰ ਉਸਦੇ ਅੰਦਰਲਾ ਕਲਾਕਾਰ ਹਾਰਿਆ ਨਹੀਂ। ਉਸ ਨੇ ਆਪਣੇ ਸੰਗੀਤਕ ਦਰਦ ਨੂੰ ਰੰਗਾਂ ’ਚ ਬਦਲ ਦਿੱਤਾ ਅਤੇ ਅੱਜ ਉਸਦੀ ਹਰ ਪੇਂਟਿੰਗ ਵਿੱਚੋਂ ਇੱਕ ਅਣਸੁਣੀ ਧੁਨ ਸੁਣਾਈ ਦਿੰਦੀ ਹੈ। ਸੇਵਕ ਹੰਸ ਵਰਗੇ ‘ਛੁੱਪੇ ਰੁਸਤਮ’ ਸਾਡੇ ਸਮਾਜ ਦਾ ਸਰਮਾਇਆ ਹਨ। ਪਰ ਅਫਸੋਸ ਦੀ ਗੱਲ ਹੈ ਕਿ ਅਕਸਰ ਅਜਿਹੇ ਹੀਰੇ ਗੁਮਨਾਮੀ ਦੇ ਹਨੇਰੇ ’ਚ ਗੁਆਚ ਜਾਂਦੇ ਹਨ। ਅੱਜ ਲੋੜ ਹੈ ਕਿ ਕਲਾ ਪ੍ਰੇਮੀ ਅੱਗੇ ਆਉਣ ਅਤੇ ਅਜਿਹੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪੇਂਡੂ ਪੱਧਰ ’ਤੇ ਅਜਿਹੇ ਨਾਯਾਬ ਕਲਾਕਾਰਾਂ ਲਈ ਮੰਚ ਪ੍ਰਦਾਨ ਕਰਨ ਅਤੇ ਆਰਥਿਕ ਸਹਾਇਤਾ ਯਕੀਨੀ ਬਣਾਉਣ। ਜੇਕਰ ਸੇਵਕ ਵਰਗੇ ਕਲਾਕਾਰਾਂ ਨੂੰ ਸਹੀ ਉਡਾਰੀ ਮਿਲੇ, ਤਾਂ ਉਹ ਨਾ ਸਿਰਫ਼ ਆਪਣੇ ਪਿੰਡ ਸਗੋਂ ਪੂਰੇ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕਰ ਸਕਦੇ ਹਨ। ਆਓ, ਅਸੀਂ ਸਾਰੇ ਮਿਲ ਕੇ ਇਸ ਕਲਾ ਦੇ ਵਾਰਿਸ ਦੀ ਕਲਾ ਨੂੰ ਸਾਂਭੀਏ ਅਤੇ ਮਾਣ ਦੇਈਏ।