ਪੁਸਤਕ ‘ਦੇਵਕੀ’ ਔਰਤ ਦੇ ਤਿਆਗ, ਸੰਘਰਸ਼ ਤੇ ਸਮਾਜਿਕ ਚੇਤਨਾ ਦਾ ਹੋਕਾ
ਪੁਸਤਕ ‘ਦੇਵਕੀ’ ਔਰਤ ਦੇ ਤਿਆਗ, ਸੰਘਰਸ਼ ਅਤੇ ਸਮਾਜਿਕ ਚੇਤਨਾ ਦਾ ਹੋਕਾ
Publish Date: Fri, 24 Apr 2026 05:26 PM (IST)
Updated Date: Fri, 24 Apr 2026 05:28 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਲੇਖਕ ਰਾਜ ਕੁਮਾਰ ਸ਼ਰਮਾ ਧੂਲਕੋਟ ਦੀ ਨਵੀਂ ਪੁਸਤਕ ‘ਦੇਵਕੀ’ ਅੱਜ ਦੇ ਦੌਰ ਵਿੱਚ ਸਮਾਜਿਕ ਬੁਰਾਈਆਂ ਖ਼ਿਲਾਫ਼ ਇੱਕ ਬੁਲੰਦ ਆਵਾਜ਼ ਬਣ ਕੇ ਉੱਭਰੀ ਹੈ। ਇਹ ਪੁਸਤਕ ਕੇਵਲ ਸ਼ਬਦਾਂ ਦਾ ਸੰਗ੍ਰਹਿ ਨਹੀਂ, ਸਗੋਂ ਸਾਡੇ ਆਲੇ-ਦੁਆਲੇ ਦੀਆਂ ਗਲੀਆਂ, ਮੁਹੱਲਿਆਂ ਤੇ ਆਮ ਜ਼ਿੰਦਗੀ ਦੇ ਵਰਤਾਰਿਆਂ ਵਿੱਚੋਂ ਮਨਫ਼ੀ ਹੋ ਰਹੀ ਮਨੁੱਖਤਾ ਤੇ ਔਰਤ ਦੇ ਅਣਗੌਲੇ ਸੰਘਰਸ਼ ਦੀ ਜਿਉਂਦੀ-ਜਾਗਦੀ ਤਸਵੀਰ ਹੈ। ਪੁਸਤਕ ਦੀ ਟਾਈਟਲ ਤਸਵੀਰ ਬਹੁਤ ਹੀ ਡੂੰਘੇ ਅਰਥ ਛੁਪਾਈ ਬੈਠੀ ਹੈ। ਇਸ ਵਿੱਚ ਇੱਕ ਔਰਤ ਦੇ ਹੱਥ ਉੱਤੇ ਧਰਤੀ ਨੁਮਾ ਗੋਲੇ ਅੰਦਰ ਚਾਨਣ ਦਾ ਬਿੰਦੂ ਅਤੇ ਮੋਰ ਪੰਖ ਦਿਖਾਇਆ ਗਿਆ ਹੈ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਵੇਂ ਇੱਕ ਔਰਤ ਅਖੌਤੀ ਸਮਾਜਿਕ ਰੀਤਾਂ-ਰਿਵਾਜਾਂ ਦੀ ਬਲੀ ਚੜ੍ਹ ਕੇ ਵੀ ਮਨੁੱਖਤਾ ਲਈ ‘ਚਾਨਣ ਮੁਨਾਰਾ’ ਬਣੀ ਹੋਈ ਹੈ। ਲੇਖਕ ਅਨੁਸਾਰ, ਇਸ ਕਾਇਨਾਤ ਦੀ ਸਿਰਜਣਾ ਔਰਤ ਤੋਂ ਬਿਨਾਂ ਅਸੰਭਵ ਹੈ। ਉਹ ਆਪਣੇ ਚਾਵਾਂ, ਸੁਪਨਿਆਂ ਅਤੇ ਆਪਣੇ ਹਿੱਸੇ ਦੇ ਸੂਰਜ ਨੂੰ ਦੂਜਿਆਂ ਦੇ ਵਿਹੜੇ ਰੁਸ਼ਨਾਉਣ ਲਈ ਕੁਰਬਾਨ ਕਰ ਦਿੰਦੀ ਹੈ। ਪੁਸਤਕ ਦੇ ਦੂਜੇ ਪੱਖ ਵਿੱਚ ਲੇਖਕ ਨੂੰ ਕਲਮ ਫੜੀ ਦਿਖਾਇਆ ਗਿਆ ਹੈ, ਜੋ ਇਸ ਗੱਲ ਦਾ ਸੁਨੇਹਾ ਹੈ ਕਿ ਜਦੋਂ ਤੱਕ ਕਲਮਾਂ ਚੱਲਦੀਆਂ ਰਹਿਣਗੀਆਂ, ਸਮਾਜਿਕ ਬੁਰਾਈਆਂ ਅਤੇ ਕੂਟਨੀਤੀਆਂ ਦੇ ਖ਼ਿਲਾਫ਼ ਸੱਚ ਦੀ ਆਵਾਜ਼ ਗੂੰਜਦੀ ਰਹੇਗੀ। ਇਹ ਲਿਖੇ ਹੋਏ ਲਫ਼ਜ਼ ਹੀ ਅਨੇਕਾਂ ‘ਦੇਵਕੀਆਂ’ ਨੂੰ ਮਾਨਸਿਕ ਅਤੇ ਸਮਾਜਿਕ ਬੰਧਨਾਂ ਤੋਂ ਮੁਕਤ ਕਰਵਾਉਣ ਦੀ ਸਮਰੱਥਾ ਰੱਖਦੇ ਹਨ। ਲੇਖਕ ਨੇ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਕਿ ਸਾਡੇ ਸਮਾਜ ਵਿੱਚ ਅਜੇ ਵੀ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ, ਜਿਸ ‘ਤੇ ਲਿਖਣਾ ਅਤੇ ਬੋਲਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਪਾਠਕਾਂ ਨੂੰ ਅਪੀਲ ਕੀਤੀ ਹੈ ਆਓ ਕਲਮਾਂ ਦੇ ਹਾਣੀ ਬਣੀਏ। ਜੇ ਲਿਖ ਨਹੀਂ ਸਕਦੇ ਤਾਂ ਪੜ੍ਹੀਏ, ਜੇ ਪੜ੍ਹ ਨਹੀਂ ਸਕਦੇ ਤਾਂ ਸੁਣੀਏ, ਪਰ ਸੱਚ ਨੂੰ ਜਾਣੀਏ ਅਤੇ ਉਸ ‘ਤੇ ਅਮਲ ਕਰੀਏ। ਧੂਲਕੋਟ ਦੀ ਇਹ ਰਚਨਾ ਇਸ ਧਰਤੀ ਨੂੰ ‘ਕੁਰੂਕਸ਼ੇਤਰ’ (ਜੰਗ ਦਾ ਮੈਦਾਨ) ਬਣਨ ਤੋਂ ਰੋਕਣ ਅਤੇ ਜਿਉਂਦੀਆਂ-ਜਾਗਦੀਆਂ ਉਮੀਦਾਂ ਲਈ ਚਾਨਣ ਦੀਆਂ ਕਿਰਨਾਂ ਲੱਭਣ ਦਾ ਇੱਕ ਸਾਰਥਕ ਯਤਨ ਹੈ। ਇਹ ਪੁਸਤਕ ਸਾਨੂੰ ਸਵੈ-ਪੜਚੋਲ ਕਰਨ ਅਤੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦੀ ਹੈ। ਆਓ ਕਲਮਾਂ ਦੇ ਹਾਣੀ ਬਣ ਕੇ ਲਫਜ਼ਾਂ ਦੀਆਂ ਪੈੜਾਂ ਨੂੰ ਚੁੰਮਦੇ ਹੋਏ ਜੇ ਲਿਖ ਨਹੀਂ ਸਕਦੇ ਪੜ੍ਹੀਏ, ਜੇ ਪੜ੍ਹ ਨਹੀਂ ਸਕਦੇ ਸੁਣੀਏ, ਪਰ ਸੱਚ ਨੂੰ ਜਾਣੀਏ ਤੇ ਅਮਲ ਕਰੀਏ, ਸਮਾਜ ਦੇ ਵਿੱਚ ਛਾਏ ਹਨੇਰਿਆਂ ਨੂੰ ਦੂਰ ਕਰਕੇ ਇਸ ਧਰਤੀ ਨੂੰ ਕੁਰੁਕਸ਼ੇਤਰ ਬਣਨ ਤੋ ਪਹਿਲਾਂ ਪਹਿਲਾਂ ਜਿਉਂਦੀਆਂ ਜਾਗਦੀਆਂ ਆਸਾਂ ਉਮੀਦਾਂ ਲਈ ਚਾਨਣ ਦੀਆਂ ਕਿਰਨਾਂ ਲੱਭੀਏ... ਚਾਂਨਣ ਮੁਨਾਰੇ ਬਣੀਏ.।