ਥਾਣਾ ਸਿਟੀ ਮਲੋਟ ਦਾ ਘਿਰਾਓ ਕਰਦਿਆਂ ਸੂਬਾ ਸਰਕਾਰ ਤੇ ਸੀਐੱਮ ਮਾਨ ਵਿਰੁੱਧ ਕੱਢੀ ਭੜਾਸ
ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੇ ਅਧਿਆਪਕਾਂ ਦੀ ਫੜੋ ਫੜਾਈ ਦੀ ਪੁਰਜੋਰ ਨਿੰਦਾ
Publish Date: Sun, 10 May 2026 03:25 PM (IST)
Updated Date: Sun, 10 May 2026 03:27 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁਕਰਾਨਾ ਯਾਤਰਾ ਦਾ ਢੋਂਗ ਰਚ ਕੇ ਵੋਟ ਤੰਤਰ ਨੂੰ ਮਜਬੂਤ ਕਰਨ ਲਈ ਸਮੁੱਚੇ ਪੰਜਾਬ ਅੰਦਰ ਜਮਹੂਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਪੁਲਸੀਆ ਤੰਤਰ ਦੁਆਰਾ ਆਮ ਲੋਕਾਂ, ਮੁਲਾਜ਼ਮਾਂ ਨੂੰ ਸਵਾਲ ਪੁੱਛੇ ਜਾਣ ਦੇ ਡਰੋਂ ਘਰਾਂ ਵਿੱਚੋਂ ਜਬਰੀ ਚੁੱਕ ਕੇ ਉਨ੍ਹਾਂ ਦੀ ਫੜੋ ਫੜਾਈ ਕਰਦਿਆਂ ਨeਜਾਇਜ਼ ਹਿਰਾਸਤ ’ਚ ਰੱਖਦਿਆਂ ਹੋਇਆਂ ਥਾਣਿਆਂ ਅੰਦਰ ਬੰਦ ਕਰ ਦਿੱਤਾ ਹੈ। ਇਸ ਨeਜਾਇਜ਼ ਫੜੋ-ਫੜਾਈ ਦੇ ਰੋਸ ਵਜੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਅਧਿਆਪਕਾਂ ਅੰਦਰ ਭਾਰੀ ਰੋਹ ਪੈਦਾ ਹੋ ਗਿਆ, ਉਨਾਂ ਵੱਲੋਂ ਥਾਣਾ ਸਿਟੀ ਮਲੋਟ ਦਾ ਘਿਰਾਓ ਕਰਦਿਆਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਜਬਰ ਵਿਰੁੱਧ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਮਨੋਹਰ ਲਾਲ ਸ਼ਰਮਾ, ਬਲਦੇਵ ਸਿੰਘ ਸਾਹੀਵਾਲ, ਅਮਨਦੀਪ ਸਿੰਘ ਗਿੱਲ, ਵਿਕਰਮਜੀਤ ਸਿੰਘ ਸੰਧੂ, ਅਸ਼ਵਨਦੀਪ ਸਿੰਘ, ਲਵਪ੍ਰੀਤ ਸਿੰਘ ਫਤੂਹੀ ਖੇੜਾ, ਗੁਰਮੀਤ ਸਿੰਘ ਹੁੰਦਲ ਨੇ ਕਿਹਾ ਕਿ ਬੀਤੀ ਰਾਤ 3704 ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ਵਰ ਰਾਓ ਨੂੰ ਪਰਿਵਾਰ ’ਚ ਬੈਠਿਆ ਘਰੋਂ ਜਬਰੀ ਚੁੱਕ ਕੇ ਕਿਸੇ ਅਣਦਸੀ ਥਾਂ ਤੇ ਨਜ਼ਰਬੰਦ ਕੀਤਾ ਹੋਇਆ ਹੈ ਪੂਰੇ ਪੰਜਾਬ ਅੰਦਰ ਇਸ ਤਰ੍ਹਾਂ ਕੀਤੀ ਜਾ ਰਹੀ ਫੜੋ ਫੜਾਈ ਦਾ ਵਿਰੋਧ ਕੀਤਾ ਜਾ ਰਿਹਾ। ਜ਼ਿਲ੍ਹਾ ਪ੍ਰਧਾਨ ਰਾਜੇਸ਼ਵਰ ਰਾਓ ਦੀ ਭੈਣ ਦੁਆਰਾ ਜੇਕਰ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕਤੰਤਰੀ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਉਂਦਿਆਂ ਬਿਨਾਂ ਕਿਸੇ ਮਹਿਲਾ ਮੁਲਾਜ਼ਮ ਤੋਂ ਉਸਦਾ ਫੋਨ ਵੀ ਜ਼ਬਤ ਕਰ ਲਿਆ ਗਿਆ ਅਤੇ ਪਰਿਵਾਰ ਨੂੰ ਮੰਦਾ ਚੰਗਾ ਵੀ ਬੋਲਿਆ ਗਿਆ। ਉਨਾਂ ਅੱਗੇ ਦੱਸਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਨ੍ਹਾਂ ਦੇ ਨੁਮਾਇੰਦੇ ਅਕਸਰ ਮੁਲਾਜ਼ਮਾਂ ਦੇ ਧਰਨਿਆਂ ’ਚ ਜਾ ਕੇ ਬੈਠਦੇ ਸਨ ਕਿ ਸਰਕਾਰ ਬਣਨ ਤੇ ਕਿਸੇ ਨੂੰ ਵੀ ਧਰਨਾ ਲਗਾਉਣ ਦੀ ਲੋੜ ਨਹੀਂ ਪਵੇਗੀ ਪ੍ਰੰਤੂ ਅੱਜ ਮੁਲਾਜ਼ਮ ਜੇਕਰ ਉਨ੍ਹਾਂ ਨੂੰ ਆਪਣੀਆਂ ਮੰਗਾਂ ਦੱਸਣੀਆਂ ਚਾਹੁੰਦੇ ਹਨ ਤਾਂ ਉਨ੍ਹਾਂ ਦੁਆਰਾ ਮੁਲਾਜ਼ਮਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਜਬਰੀ ਚੁੱਕ ਕੇ ਥਾਣਿਆਂ ਅੰਦਰ ਧੱਕਿਆ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ 3704, 4161 ਭਰਤੀ ਦੀਆਂ ਰੀਕਾਸਟ ਕੀਤੀਆਂ ਗਈਆਂ ਲਿਸਟਾਂ ਵਿੱਚੋਂ ਬਾਹਰ ਹੋਏ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਨੋਟਿਸ ਤੁਰੰਤ ਵਾਪਸ ਲਏ ਜਾਣ, ਪੁਰਾਣੀ ਪੈਨਸ਼ਨ ਦਾ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਪੂਰੀ ਤਰਾਂ ਲਾਗੂ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮੁਲਾਜ਼ਮਾਂ ਦਾ 18 ਪ੍ਰਤੀਸ਼ਤ ਡੀਏ ਤੁਰੰਤ ਜਾਰੀ ਕਰਨ ਦੇ ਨਾਲ ਨਾਲ ਪੇ ਕਮਿਸ਼ਨ ਦੇ ਬਕਾਏ ਜਾਰੀ ਕੀਤੇ ਜਾਣ । ਇਹਨਾਂ ਵਿੱਚ ਜਿਹੜੇ ਲੋਕ ਇਕੱਤਰ ਹੋਏ ਮੁਲਾਜ਼ਮ ਆਗੂਆਂ, ਅਧਿਆਪਕਾਂ ਤੇ ਭਰਤੀ ਜਥੇਬੰਦੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੰਡਾ ਤੰਤਰ ਦੀ ਵਰਤੋਂ ਕਰਕੇ ਜਬਰ ਕੀਤਾ ਜਾਵੇਗਾ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਜਿਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਆਕਾਸ਼ਦੀਪ, ਰਾਜਨ ਸੈਣੀ, ਮੰਗਤ ਕੁਮਾਰ, ਅਮਿਤ ਕੁਮਾਰ ਹਾਜ਼ਰ ਸਨ।