16 ਐਨਡੀਪੀਐਸ ਕੇਸਾਂ ਦਾ ਮਾਲ ਪਾਰਦਰਸ਼ੀ ਢੰਗ ਨਾਲ ਕੀਤਾ ਨਸ਼ਟ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 16 ਐਨਡੀਪੀਐਸ ਕੇਸਾਂ ਦਾ ਮਾਲ ਪਾਰਦਰਸ਼ੀ ਢੰਗ ਨਾਲ ਨਸ਼ਟ
Publish Date: Sat, 18 Apr 2026 04:25 PM (IST)
Updated Date: Sat, 18 Apr 2026 04:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਉਪਰਾਲਿਆਂ ਦੇ ਨਤੀਜੇ ਵਜੋਂ ਪਿਛਲੇ ਸਮੇਂ ਦੌਰਾਨ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਕੇ ਕਈ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਸੀਲਬੰਦ ਪਾਰਸਲਾਂ ’ਚ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਸਮੇਂ-ਸਮੇਂ ‘ਤੇ ਸੀਨੀਅਰ ਅਧਿਕਾਰੀਆਂ ਵੱਲੋਂ ਇਸਦੀ ਜਾਂਚ ਕੀਤੀ ਜਾਂਦੀ ਹੈ। ਅਦਾਲਤੀ ਪ੍ਰਕਿਰਿਆ ਪੂਰੀ ਹੋਣ ਉਪਰੰਤ, ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਮਾਲ ਨਸ਼ਟ ਕਰਨਾ ਲਾਜ਼ਮੀ ਹੁੰਦਾ ਹੈ। ਇਸੇ ਲੜੀ ’ਚ ਐਨਡੀਪੀਐਸ ਐਕਟ ਨਾਲ ਸੰਬੰਧਿਤ 16 ਮੁਕੱਦਮਿਆਂ ਦਾ ਮਾਲ ਕਮੇਟੀ ਮੈਂਬਰਾਂ ਦੀ ਹਾਜ਼ਰੀ ’ਚ ਪਿੰਡ ਚੰਨੂ ਦੇ ਬੋਇਲਰ ਵਿੱਚ ਪਾਰਦਰਸ਼ੀ ਢੰਗ ਨਾਲ ਨਸ਼ਟ ਕੀਤਾ ਗਿਆ। ਇਸ ਸਮੂਹ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਇਸ ਕਾਰਵਾਈ ਲਈ ਬਣਾਈ ਗਈ ਕਮੇਟੀ ਦੀ ਅਗਵਾਈ ਅਭਿਮਨਿਉ ਰਾਣਾ ਐਸਐਸਪੀ ਵੱਲੋਂ ਕੀਤੀ ਗਈ, ਜਿਸ ’ਚ ਹਰਕਮਲ ਕੌਰ ਐਸਪੀ (ਐਚ) ਅਤੇ ਰਸ਼ਪਾਲ ਸਿੰਘ ਡੀਐਸਪੀ (ਡੀ) ਸ਼ਾਮਲ ਸਨ। ਉਨ੍ਹਾਂ ਦੀ ਨਿਗਰਾਨੀ ਹੇਠ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਅੰਜ਼ਾਮ ਦਿੱਤਾ ਗਿਆ। ਇਸ ਮੌਕੇ ਐਸਐਸਪੀ ਨੇ ਦੱਸਿਆ ਕਿ ਨਸ਼ਿਆਂ ਦੇ ਖ਼ਾਤਮੇ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕੁੱਲ 16 ਐਨਡੀਪੀਐਸ ਕੇਸਾਂ ਦੇ ਮਾਲ ’ਚੋਂ 418.800 ਕਿਲੋਗ੍ਰਾਮ ਭੁੱਕੀ ਚੂਰਾਪੋਸਤ, 1.652 ਕਿਲੋਗ੍ਰਾਮ ਹੈਰੋਇਨ ਅਤੇ 1870 ਨਸ਼ੀਲੀਆਂ ਗੋਲੀਆਂ ਨੂੰ ਨਸ਼ਟ ਕੀਤਾ ਗਿਆ ਹੈ।