ਸ੍ਰੀ ਮੁਕਤਸਰ ਸਾਹਿਬ: ਇਕ-ਦੁੱਕਾ ਘਟਨਾਵਾਂ ਨੂੰ ਛੱਡ ਨਗਰ ਕੌਂਸਲ ਚੋਣਾਂ ਅਮਨ-ਅਮਾਨ ਨਾਲ ਸੰਪੰਨ
ਸ੍ਰੀ ਮੁਕਤਸਰ ਸਾਹਿਬ: ਇਕ-ਦੁੱਕਾ ਘਟਨਾਵਾਂ ਨੂੰ ਛੱਡ ਨਗਰ ਕੌਂਸਲ ਚੋਣਾਂ ਅਮਨ-ਅਮਾਨ ਨਾਲ ਸੰਪੰਨ
Publish Date: Tue, 26 May 2026 07:09 PM (IST)
Updated Date: Tue, 26 May 2026 07:10 PM (IST)

ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੀਆਂ ਤਿੰਨ ਪ੍ਰਮੁੱਖ ਨਗਰ ਕੌਂਸਲਾਂ-ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਵਿੱਚ ਕੌਂਸਲਰ ਦੇ ਅਹੁਦਿਆਂ ਲਈ ਵੋਟਿੰਗ ਪ੍ਰਕਿਰਿਆ ਅੱਜ ਕੁਝ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈ। ਲੋਕਾਂ ਵਿੱਚ ਵੋਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵੋਟਰ ਸਵੇਰੇ ਸਾਢੇ ਸੱਤ ਵਜੇ ਹੀ ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਗਏ ਸਨ। ਸ਼ਾਮ 5 ਵਜੇ ਤੱਕ ਮੱਤਦਾਨ ਦਾ ਵੇਰਵਾ ਗਿੱਦੜਬਾਹਾ: 68.10 ਪ੍ਰਤੀਸ਼ਤ (ਸਭ ਤੋਂ ਵੱਧ) ਮਲੋਟ: 66.55 ਪ੍ਰਤੀਸ਼ਤ ਸ੍ਰੀ ਮੁਕਤਸਰ ਸਾਹਿਬ: 58.07 ਪ੍ਰਤੀਸ਼ਤ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਦੀ ਪਈ ਫਰਜ਼ੀ ਵੋਟ ਵੋਟਿੰਗ ਦੌਰਾਨ ਮੁਕਤਸਰ ਦੇ ਵਾਰਡ ਨੰਬਰ 26 (ਬਾਗ ਵਾਲੀ ਗਲੀ) ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਗਊਸ਼ਾਲਾ ਕਮੇਟੀ ਟਿੱਬੀ ਸਾਹਿਬ ਰੋਡ ਦੇ ਪ੍ਰਧਾਨ ਅੰਮ੍ਰਿਤ ਲਾਲ ਖੁਰਾਣਾ ਦੀ ਵੋਟ ਕੋਈ ਹੋਰ ਵਿਅਕਤੀ ਫਰਜ਼ੀ ਤੌਰ ਤੇ ਪਾ ਗਿਆ। ਜਦੋਂ ਖੁਰਾਣਾ ਖ਼ੁਦ ਬੂਥ ਤੇ ਪਹੁੰਚੇ ਤਾਂ ਪੋਲਿੰਗ ਏਜੰਟਾਂ ਨੇ ਦੱਸਿਆ ਕਿ ਉਨ੍ਹਾਂ ਦੀ ਵੋਟ ਪਹਿਲਾਂ ਹੀ ਪੈ ਚੁੱਕੀ ਹੈ। ਇਸ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਅਤੇ ਉਮੀਦਵਾਰ ਪਾਰਿਜਾਤ ਪਠੇਲਾ ਹੈਪੀ ਨੇ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦਿਆਂ ਵੋਟਿੰਗ ਦੁਬਾਰਾ ਕਰਵਾਉਣ ਦੀ ਮੰਗ ਕੀਤੀ। ਗਿੱਦੜਬਾਹਾ ਤੇ ਮਲੋਟ ’ਚ ਚੋਣਾਂ ਦੌਰਾਨ ਹੰਗਾਮਾ : ਆਪ ਤੇ ਅਕਾਲੀ ਵਰਕਰ ਭਿੜੇ ਨਗਰ ਕੌਂਸਲ ਚੋਣਾਂ ਦੌਰਾਨ ਗਿੱਦੜਬਾਹਾ ਅਤੇ ਮਲੋਟ ਵਿੱਚ ਸਿਆਸੀ ਮਾਹੌਲ ਕਾਫ਼ੀ ਗਰਮਾ ਗਿਆ। ਗਿੱਦੜਬਾਹਾ ਦੇ ਵਾਰਡ ਨੰਬਰ 18 ਤੇ 19 ਵਿੱਚ ਆਪ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਤਿੱਖੀ ਝੜਪ ਹੋਈ, ਜਿਸ ਨੇ ਹੱਥੋਪਾਈ ਦਾ ਰੂਪ ਧਾਰ ਲਿਆ। ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਬਾਹਰੋਂ ਬੰਦੇ ਲਿਆ ਕੇ ਵੋਟਿੰਗ ਪ੍ਰਭਾਵਿਤ ਕਰਨ ਦੇ ਦੋਸ਼ ਲਗਾਏ। ਦੂਜੇ ਪਾਸੇ, ਮਲੋਟ ਦੇ ਵਾਰਡ ਨੰਬਰ 23 ਤੇ 24 ਵਿੱਚ ਵੀ ਉਮੀਦਵਾਰਾਂ ਵਿਚਾਲੇ ਜ਼ਬਰਦਸਤ ਬਹਿਸਬਾਜ਼ੀ ਹੋਈ। ਮਾਹੌਲ ਵਿਗੜਦਾ ਦੇਖ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਐਸ.ਐਸ.ਪੀ. ਮੁਕਤਸਰ ਨੇ ਖ਼ੁਦ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਪੁਲਿਸ ਵੱਲੋਂ ਤੁਰੰਤ ਦਖ਼ਲ ਦੇ ਕੇ ਦੋਵਾਂ ਥਾਵਾਂ ’ਤੇ ਮਾਹੌਲ ਸ਼ਾਂਤ ਕਰਵਾਇਆ ਗਿਆ ਅਤੇ ਵੋਟਿੰਗ ਪ੍ਰਕਿਰਿਆ ਦੁਬਾਰਾ ਸੁਚਾਰੂ ਰੂਪ ਵਿੱਚ ਸ਼ੁਰੂ ਕਰਵਾਈ ਗਈ। ਸੁਰੱਖਿਆ ਦਾ ਸਖ਼ਤ ਪਹਿਰਾ ਐੱਸ.ਐੱਸ.ਪੀ. ਅਭਿਮਨਿਊ ਰਾਣਾ ਨੇ ਦੱਸਿਆ ਕਿ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ 187 ਬੂਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਸੁਰੱਖਿਆ ਲਈ 1500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਅੰਤਰ-ਰਾਜੀ ਨਾਕਿਆਂ ਤੇ ਵਿਸ਼ੇਸ਼ ਚੈਕਿੰਗ ਜਾਰੀ ਰਹੀ। ਸਿਆਸੀ ਮੁਕਾਬਲਾ ਇਨ੍ਹਾਂ ਚੋਣਾਂ ਵਿੱਚ ਕੁੱਲ 436 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਦੀ ਕਿਸਮਤ ਦਾ ਤਾਲਾ 29 ਮਈ ਨੂੰ ਖੁੱਲੇਗਾ। ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਸ਼ਿਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਦੇਖਿਆ ਜਾ ਰਿਹਾ ਹੈ, ਹਾਲਾਂਕਿ ਆਜ਼ਾਦ ਉਮੀਦਵਾਰ ਵੀ ਕਈ ਵਾਰਡਾਂ ਵਿੱਚ ਸਿਆਸੀ ਸਮੀਕਰਨ ਬਦਲਣ ਦੀ ਸਮਰੱਥਾ ਰੱਖਦੇ ਹਨ। ਪ੍ਰਸ਼ਾਸਨਿਕ ਪ੍ਰਬੰਧ ਡੀਸੀ ਅਮਿਤ ਕੁਮਾਰ ਪੰਚਾਲ ਅਨੁਸਾਰ, ਮੁਕਤਸਰ ਦੇ 31 ਵਾਰਡਾਂ ਲਈ 85 ਬੂਥ, ਗਿੱਦੜਬਾਹਾ ਦੇ 19 ਵਾਰਡਾਂ ਲਈ 41 ਬੂਥ ਅਤੇ ਮਲੋਟ ਦੇ 27 ਵਾਰਡਾਂ ਲਈ 61 ਬੂਥ ਬਣਾਏ ਗਏ ਸਨ। ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ।