ਨਸ਼ਿਆਂ ਤੇ ਸੋਸ਼ਲ ਮੀਡੀਆ ਦੀ ਲਤ ਖ਼ਿਲਾਫ਼ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਸਮਾਗਮ
ਨਸ਼ਿਆਂ ਤੇ ਸੋਸ਼ਲ ਮੀਡੀਆ ਦੀ ਲਤ ਖ਼ਿਲਾਫ਼ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਸਮਾਗਮ
Publish Date: Tue, 19 May 2026 04:06 PM (IST)
Updated Date: Tue, 19 May 2026 04:07 PM (IST)

ਵਰਿੰਦਰ ਬੱਬੂ, ਪੰਜਾਬੀ ਜਾਗਰਣ ਲੰਬੀ : ਨੌਜਵਾਨ ਪੀੜ੍ਹੀ ਨੂੰ ਨਸ਼ੇ ਅਤੇ ਸੋਸ਼ਲ ਮੀਡੀਆ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਇੱਕ ਸਾਰਥਕ ਜੀਵਨ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਨੌਜਵਾਨ ਵਿੰਗ ਯੁਵਾ ਪਰਿਵਾਰ ਸੇਵਾ ਸਮਿਤੀ ਵੱਲੋਂ ਮਲੋਟ ਦੇ ਨਜ਼ਦੀਕੀ ਪਿੰਡ ਡੱਬਵਾਲੀ ਮਲਕੋ ਕੀ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਗੁਰੂ ਨੇ ਪੁਕਾਰਿਆ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸੁਆਮੀ ਗਿਆਨੇਸ਼ਾਨੰਦ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੀ ਨੌਜਵਾਨੀ ਦੋਹਰੀ ਮਾਰ ਝੱਲ ਰਹੀ ਹੈ, ਇੱਕ ਪਾਸੇ ਜਿੱਥੇ ਰਵਾਇਤੀ ਨਸ਼ੇ ਅਤੇ ਡਰੱਗਜ਼ ਹੱਸਦੇ-ਖੇਡਦੇ ਪਰਿਵਾਰਾਂ ਨੂੰ ਬਰਬਾਦ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ‘ਸੋਸ਼ਲ ਮੀਡੀਆ ਦੀ ਲਤ’ (ਡਿਜੀਟਲ ਐਡਿਕਸ਼ਨ) ਨੌਜਵਾਨਾਂ ਦੀ ਮਾਨਸਿਕ ਸ਼ਕਤੀ, ਸਮਾਂ ਅਤੇ ਭਵਿੱਖ ਨੂੰ ਸਿਉਂਕ ਵਾਂਗ ਖਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਨੂੰ ਅੰਦਰੂਨੀ ਤੌਰ ’ਤੇ ਅਧਿਆਤਮਿਕ ਜਾਗਰੂਕਤਾ ਅਤੇ ਸਹੀ ਦਿਸ਼ਾ ਨਹੀਂ ਮਿਲਦੀ, ਉਦੋਂ ਤੱਕ ਇਨ੍ਹਾਂ ਬੁਰਾਈਆਂ ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਮੁਸ਼ਕਿਲ ਹੈ। ਇਸ ਪ੍ਰੋਗਰਾਮ ਦੌਰਾਨ ਭਜਨਾਂ, ਸੰਗੀਤ ਅਤੇ ਪ੍ਰਖਰ ਵਿਚਾਰਾਂ ਰਾਹੀਂ ਨੌਜਵਾਨਾਂ ਨੂੰ ਹਰ ਪ੍ਰਕਾਰ ਦੇ ਨਸ਼ੇ ਦਾ ਤਿਆਗ ਕਰਨ, ਸੋਸ਼ਲ ਮੀਡੀਆ ਦੀ ਸੀਮਤ ਤੇ ਸਹੀ ਵਰਤੋਂ ਕਰਨ ਅਤੇ ਆਪਣੀ ਊਰਜਾ ਨੂੰ ਦੇਸ਼ ਤੇ ਸਮਾਜ ਦੇ ਸਕਾਰਾਤਮਕ ਕੰਮਾਂ ’ਚ ਲਗਾਉਣ ਦਾ ਸੰਕਲਪ ਦਿਵਾਇਆ ਗਿਆ। ਸੁਆਮੀ ਨੇ ਕਿਹਾ ਕਿ ਗੁਰੂ ਦੀ ਪੁਕਾਰ ਅਸਲ ’ਚ ਭਟਕ ਰਹੀ ਜਵਾਨੀ ਨੂੰ ਸਹੀ ਰਸਤੇ ’ਤੇ ਲਿਆਉਣ ਦਾ ਇੱਕ ਪਵਿੱਤਰ ਸੁਨੇਹਾ ਹੈ, ਜਿਸ ਨੂੰ ਅਪਣਾ ਕੇ ਹੀ ਇੱਕ ਤੰਦਰੁਸਤ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।