ਗਿਆਨ ਦਾ ਚਾਨਣ ਵੰਡਦਿਆਂ ਮਨਾਈ ਵਿਅੰਗ ਲੇਖਕ ਪ੍ਰਿੰਸੀਪਲ ਆਜ਼ਾਦ ਦੀ ਯਾਦ
ਗਿਆਨ ਦਾ ਚਾਨਣ ਵੰਡਦਿਆਂ ਮਨਾਈ ਵਿਅੰਗ ਲੇਖਕ ਪ੍ਰਿੰਸੀਪਲ ਆਜ਼ਾਦ ਦੀ ਯਾਦ
Publish Date: Tue, 21 Apr 2026 05:25 PM (IST)
Updated Date: Tue, 21 Apr 2026 05:28 PM (IST)

ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਪਣੀ ਵਿਅੰਗ ਲੇਖਣੀ ਨਾਲ ਮਾਂ ਬੋਲੀ ਪੰਜਾਬੀ ਦੀ ਝੋਲੀ ਭਰਨ ਵਾਲੇ ਉੱਘੇ ਮਰਹੂਮ ਵਿਅੰਗ ਲੇਖ਼ਕ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਯਾਦ ਗਿਆਨ ਦਾ ਚਾਨਣ ਵੰਡਦਿਆਂ ਮਨਾਈ ਗਈ ਜੋ ਸਬਕ ਤੇ ਪ੍ਰੇਰਨਾ ਦਾ ਸਬੱਬ ਬਣ ਗਈ। ਉਨ੍ਹਾਂ ਦੀ ਛੇਵੀਂ ਬਰਸੀ ਤੇ ਸਥਾਨਕ ਲੋਕ ਸਾਹਿਤ ਸਭਾ ਵੱਲੋਂ ਆਪਣੇ ਲੇਖ਼ਕ ਦੀ ਵਿਰਾਸਤ ਨੂੰ ਸਮਾਜ ਦੀ ਬੇਹਤਰੀ ਲਈ ਨਾਲ ਜੋੜਨ ਲਈ ਇੱਕ ਪੇਂਡੂ ਲਾਇਬਰੇਰੀ ਨੂੰ ਚੁਣਿਆ ਗਿਆ। ਜਿੱਥੇ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਲਾਇਬਰੇਰੀ ਪਿੰਡ ਚੌਂਤਰਾ ਵਿਖੇ ਨੌਜਵਾਨ ਪ੍ਰਬੰਧਕਾਂ ਦੇ ਸਹਿਯੋਗ ਨਾਲ ਵਿਅੰਗ ਲੇਖਕ ਦੀ ਯਾਦ ਮਨਾਈ ਗਈ। ਸਾਹਿਤ ਸਭਾ ਵੱਲੋਂ ਪੇਂਡੂ ਲਾਇਬਰੇਰੀ ਨੂੰ ਅਵਤਾਰ ਪਾਸ਼, ਸੁਰਜੀਤ ਪਾਤਰ, ਲਾਲ ਸਿੰਘ ਦਿਲ, ਨਰਿੰਦਰ ਸਿੰਘ ਕਪੂਰ, ਬਲਦੇਵ ਸਿੰਘ ਸੜਕਨਾਮਾ, ਰਾਹੁਲ ਸੰਕਤਰਾਇਨ, ਜਸਵੰਤ ਸਿੰਘ ਕੰਵਲ, ਡਾ. ਆਰਕੇ ਬਾਂਸਲ ਤੇ ਜੰਗ ਬਹਾਦੁਰ ਗੋਇਲ ਆਦਿ ਅਨੇਕਾਂ ਪ੍ਰਸਿੱਧ ਲੇਖਕਾਂ ਦੀਆਂ ਛੇ ਦਰਜਨ ਪੁਸਤਕਾਂ ਪਾਠਕਾਂ ਲਈ ਭੇਂਟ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਲੋਕ ਸਾਹਿਤ ਸਭਾ ਦੇ ਪ੍ਰਧਾਨ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਸ਼ਬਦ, ਕਲਾ ਜੀਵਨ ਦੀ ਬੇਹਤਰੀ ਦਾ ਮਾਰਗ ਹੈ। ਜਿਹੜਾ ਮਨੁੱਖ ਨੂੰ ਗਿਆਨ, ਚੇਤਨਾ ਨਾਲ ਜਿਉਣ ਦਾ ਮਕਸਦ ਸਮਝਾ ਕੇ ਸੱਚ ਦੇ ਰਾਹ ਤੋਰਦਾ ਹੈ। ਉਨ੍ਹਾਂ ਆਖਿਆ ਕਿ ਆਪਣੇ ਲੇਖਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਵਿਰਾਸਤ ਨੂੰ ਸਾਂਭਣ ਵਾਲੇ ਸਮਾਜ ਹੀ ਜਿੱਤ ਤੇ ਬੁਲੰਦੀਆਂ ਨੂੰ ਛੂੰਹਦੇ ਹਨ। ਲਾਇਬਰੇਰੀ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਇਸ ਪੇਂਡੂ ਲਾਇਬਰੇਰੀ ਨਾਲ ਅਨੇਕਾਂ ਨੌਜਵਾਨ ਪਾਠਕ ਜੁੜੇ ਹੋਏ ਹਨ ਜਿਹੜੇ ਲੇਖ਼ਕ ਦੀ ਯਾਦ ’ਚ ਮਿਲੀਆਂ ਪੁਸਤਕਾਂ ਤੋਂ ਅਵੱਸ਼ ਹੀ ਅਗਵਾਈ ਹਾਸਲ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਸੁਖਬੀਰ ਸਿੰਘ, ਕਲਾ ਨਿਰਦੇਸ਼ਕ ਤਜਿੰਦਰ ਸਿੰਘ, ਪਵਿੱਤਰ ਸਿੰਘ, ਅਵਨੀਤ ਕੌਰ ਸਮੇਤ ਅਨੇਕਾਂ ਪਾਠਕ ਤੇ ਪੁਸਤਕ ਸਨੇਹੀ ਮੌਜੂਦ ਸਨ।