ਦੋ ਨੌਜਵਾਨਾਂ ਨੂੰ ਬੰਨ੍ਹ ਕੇ ਘੜੀਸਣ ਦੇ ਮਾਮਲੇ ’ਚ ਨੇਪਾਲ ਦੇ ਸੱਤ ਮਜ਼ਦੂਰ ਗ੍ਰਿਫ਼ਤਾਰ, ਮੋਬਾਈਲ ਖੋਹਣ ਦੇ ਸ਼ੱਕ ’ਚ ਕੀਤੀ ਸੀ ਕੁੱਟਮਾਰ
ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ 6 ਜੂਨ ਨੂੰ ਨੇਪਾਲ ਦੇ ਰਹਿਣ ਵਾਲੇ ਮਜ਼ਦੂਰ ਵਰਿੰਦਰ ਸਾਹਨੀ ਦਾ ਮੋਬਾਈਲ ਫ਼ੋਨ ਖੋਹੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਬਾਅਦ ਕੁਝ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਵਿਅਕਤੀਆਂ ਨੇ ਦੋ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਲਿਆ ਅਤੇ ਖੇਤਾਂ ਵਿੱਚ ਲਿਜਾ ਕੇ ਬੰਨ੍ਹ ਦਿੱਤਾ। ਦੋਸ਼ ਹੈ ਕਿ ਉਨ੍ਹਾਂ ਨੂੰ ਅੱਧ-ਨੰਗਾ ਕਰਕੇ ਘੜੀਸਿਆ ਗਿਆ ਅਤੇ ਕੁੱਟਮਾਰ ਕਰਨ ਮਗਰੋਂ ਪਿੰਡ ਦੀਆਂ ਗਲੀਆਂ ਵਿੱਚ ਵੀ ਘੁਮਾਇਆ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਛੁਡਵਾਇਆ ਸੀ।
Publish Date: Thu, 11 Jun 2026 08:30 AM (IST)
Updated Date: Thu, 11 Jun 2026 10:41 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ: ਪਿੰਡ ਝੋਰੜ ਵਿੱਚ ਮੋਬਾਈਲ ਫ਼ੋਨ ਖੋਹਣ ਦੇ ਸ਼ੱਕ ਹੇਠ ਅਨੁਸੂਚਿਤ ਜਾਤੀ ਦੇ ਦੋ ਨੌਜਵਾਨਾਂ ਨੂੰ ਬੰਨ੍ਹ ਕੇ ਖੇਤਾਂ ਵਿੱਚ ਘੜੀਸਣ ਅਤੇ ਬੇਪਤ ਕਰਨ ਦੇ ਮਾਮਲੇ ਵਿੱਚ ਥਾਣਾ ਸਦਰ ਮਲੋਟ ਪੁਲਿਸ ਨੇ ਨੇਪਾਲੀ ਮੂਲ ਦੇ ਸੱਤ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਵਿੱਚ ਦਰਜ 11 ਮੁਲਜ਼ਮਾਂ ਵਿੱਚੋਂ ਚਾਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ 6 ਜੂਨ ਨੂੰ ਨੇਪਾਲ ਦੇ ਰਹਿਣ ਵਾਲੇ ਮਜ਼ਦੂਰ ਵਰਿੰਦਰ ਸਾਹਨੀ ਦਾ ਮੋਬਾਈਲ ਫ਼ੋਨ ਖੋਹੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਬਾਅਦ ਕੁਝ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਵਿਅਕਤੀਆਂ ਨੇ ਦੋ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਲਿਆ ਅਤੇ ਖੇਤਾਂ ਵਿੱਚ ਲਿਜਾ ਕੇ ਬੰਨ੍ਹ ਦਿੱਤਾ। ਦੋਸ਼ ਹੈ ਕਿ ਉਨ੍ਹਾਂ ਨੂੰ ਅੱਧ-ਨੰਗਾ ਕਰਕੇ ਘੜੀਸਿਆ ਗਿਆ ਅਤੇ ਕੁੱਟਮਾਰ ਕਰਨ ਮਗਰੋਂ ਪਿੰਡ ਦੀਆਂ ਗਲੀਆਂ ਵਿੱਚ ਵੀ ਘੁਮਾਇਆ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਛੁਡਵਾਇਆ ਸੀ।
ਇਸ ਤੋਂ ਪਹਿਲਾਂ ਪੁਲਿਸ ਨੇ ਵਰਿੰਦਰ ਸਾਹਨੀ ਦੀ ਸ਼ਿਕਾਇਤ ’ਤੇ ਗੁਰਿੰਦਰ ਸਿੰਘ ਉਰਫ਼ ਬੱਗਾ ਅਤੇ ਸੰਦੀਪ ਸਿੰਘ ਖ਼ਿਲਾਫ਼ ਮੋਬਾਈਲ ਖੋਹਣ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਨੌਜਵਾਨਾਂ ਨਾਲ ਅਣਮਨੁੱਖੀ ਵਿਹਾਰ ਦੇ ਦੋਸ਼ਾਂ ਹੇਠ ਹਰਦੀਪ ਸਿੰਘ, ਅਵਤਾਰ ਸਿੰਘ, ਰਿੰਪਾ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ਼ ਬਿੱਲਾ ਸਮੇਤ 11 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਡੀਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੇਪਾਲੀ ਮਜ਼ਦੂਰਾਂ ਵਿੱਚ ਰਾਮ ਚੰਦਰ ਸਾਹਨੀ, ਰਮੇਸ਼ ਸਾਹਨੀ, ਹੀਰੇ ਸਾਹਨੀ, ਬਸੰਤ ਸਾਹਨੀ, ਰਾਮ ਬਾਬੂ ਸਾਹਨੀ, ਰਾਮਬਲੀ ਸਾਹਨੀ ਅਤੇ ਵਰਿੰਦਰ ਸਾਹਨੀ ਸ਼ਾਮਲ ਹਨ। ਬਾਕੀ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।