ਵਧਦੀ ਗਰਮੀ ਕਾਰਨ ਸਕੂਲਾਂ ਦਾ ਸਮਾਂ ਘਟਾਇਆ ਜਾਵੇ : ਢੋਸੀਵਾਲ
ਵਧਦੀ ਗਰਮੀ ਕਾਰਨ ਸਕੂਲਾਂ ਦਾ ਸਮਾਂ ਘਟਾਇਆ ਜਾਵੇ : ਢੋਸੀਵਾਲ
Publish Date: Tue, 28 Apr 2026 04:10 PM (IST)
Updated Date: Tue, 28 Apr 2026 04:13 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅੱਜ ਕੱਲ੍ਹ ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਅੰਤਾਂ ਦੀ ਗਰਮੀ ਪੈ ਰਹੀ ਹੈ। ਰਾਜ ਦੇ ਕਈ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਕੋਲ ਲੋੜੀਂਦੀਆਂ ਮੁਢਲੀਆਂ ਸਹੂਲਤਾਂ ਨਹੀਂ ਹਨ। ਐਨਾ ਹੀ ਨਹੀਂ ਬਿਜਲੀ ਦੇ ਲੰਮੇ ਲੰਮੇ ਕੱਟਾਂ ਕਾਰਨ ਗਰਮੀ ਦੀ ਮਾਰ ਝੱਲਣੀ ਹੋਰ ਵੀ ਔਖੀ ਹੋ ਜਾਂਦੀ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਗਰਮੀ ਦਾ ਪ੍ਰਕੋਪ ਸਹਿ ਰਹੇ ਆਮ ਲੋਕਾਂ, ਵਿਦਿਆਰਥੀਆਂ ਅਤੇ ਬੇਜ਼ੁਬਾਨੇ ਪਸ਼ੂਆਂ ਪੰਛੀਆਂ ਲਈ ਹਾਅ ਦਾ ਨਾਹਰਾ ਮਾਰਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਵਿਦਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਅੱਤ ਦੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਦੇ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਦਾ ਸਮਾਂ ਘਟਾ ਕੇ ਸਵੇਰੇ 8:00 ਵਜੇ ਤੋਂ ਗਿਆਰਾਂ ਵਜੇ ਤੱਕ ਕੀਤਾ ਜਾਵੇ। ਉਨ੍ਹਾਂ ਨੇ ਸਮੂਹ ਸਕੂਲ ਮੁਖੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਭੀਸ਼ਣ ਅਤੇ ਜਾਨ ਕੱਢੂ ਗਰਮੀ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਟਾਈ ਅਤੇ ਬੈਲਟ ਤੋਂ ਛੋਟ ਦਿੱਤੀ ਜਾਵੇ।