ਮੁਕਤਸਰ ਜ਼ਿਲ੍ਹੇ 'ਚ ਸਫ਼ਾਈ ਸੇਵਕਾਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ
ਮੁਕਤਸਰ ਜ਼ਿਲ੍ਹੇ 'ਚ ਸਫਾਈ ਸੇਵਕਾਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ
Publish Date: Sun, 10 May 2026 03:22 PM (IST)
Updated Date: Sun, 10 May 2026 03:24 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਮੁਕਤਸਰ, ਗਿੱਦੜਬਾਹਾ ਤੇ ਮਲੋਟ ਦੇ ਸਫਾਈ ਕਰਮਚਾਰੀਆਂ ਦੀ ਚਲ ਰਹੀ ਹੜਤਾਲ ਐਤਵਾਰ ਪੰਜਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ, ਮੁਕਤਸਰ, ਮਲੋਟ ਤੇ ਗਿੱਦੜਬਾਹਾ ਦੇ ਕਰਮਚਾਰੀਆਂ ਨੇ ਕੂੜਾ ਨਹੀਂ ਚੁੱਕਿਆ ਜਿਸ ਕਾਰਨ ਪੂਰੇ ਇਲਾਕੇ ’ਚ ਕੂੜੇ ਦੇ ਢੇਰ ਲੱਗ ਗਏ। ਮੁਕਤਸਰ ਨਗਰ ਕੌਂਸਲ ਦਫ਼ਤਰ ਦੇ ਬਾਹਰ, ਲੋਕ ਆਪਣੇ ਘਰਾਂ ਤੋਂ ਕੂੜਾ ਸ਼ੇਰ ਸਿੰਘ ਚੌਂਕ ਨੇੜੇ ਸੜਕ ਤੇ ਸੁੱਟਦੇ ਰਹੇ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਹੋਈ। ਦੁਕਾਨਦਾਰ ਤੇ ਰਾਹਗੀਰ ਵੀ ਪ੍ਰਭਾਵਿਤ ਹੋਏ। ਹੜਤਾਲ ਦੌਰਾਨ, ਕਰਮਚਾਰੀਆਂ ਨੇ ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕੀਤਾ ਤੇ ਨਾਅਰੇਬਾਜ਼ੀ ਕੀਤੀ। ਜੇਕਰ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਸ਼ਹਿਰ ’ਚ ਕੂੜੇ ਦੀ ਸਥਿਤੀ ਵਿਗੜਨ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਮੁਕਤਸਰ ’ਚ ਰੋਜ਼ਾਨਾ 15 ਟਨ ਤੋਂ ਵੱਧ ਕੂੜਾ ਨਿਕਲਦਾ ਹੈ ਤੇ ਹੁਣ ਤੱਕ ਕਰੀਬ 70 ਟਨ ਕੂੜਾ ਸ਼ਹਿਰ ’ਚ ਇਕੱਠਾ ਹੋ ਚੁੱਕਾ ਹੈ ਜੋ ਕਿ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਮੁਹੱਲਿਆਂ ਖਿਲਰਿਆ ਦੇਖਿਆ ਜਾ ਸਕਦਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।ਇਸੇ ਤਰ੍ਹਾਂ, ਮਲੋਟ ਤੇ ਗਿੱਦੜਬਾਹਾ ’ਚ ਹਰ ਰੋਜ਼ 10-15 ਟਨ ਕੂੜਾ ਨਿਕਲਦਾ ਹੈ ਜੇਕਰ ਕੁਝ ਦਿਨਾਂ ਲਈ ਕੂੜਾ ਇਕੱਠਾ ਨਾ ਕੀਤਾ ਗਿਆ ਤਾਂ ਸ਼ਹਿਰ ਕੂੜੇ ਦੇ ਢੇਰ ਨਾਲ ਭਰਿਆ ਰਹਿ ਸਕਦਾ ਹੈ। ਹੜਤਾਲ ਦੌਰਾਨ ਕਰਮਚਾਰੀਆਂ ਨੇ ਪ੍ਰਗਟਾਇਆ ਰੋਸ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਵਿਜੈ ਕੁਮਾਰ, ਮੰਗਤ ਰਾਮ, ਸੁਰੇਸ਼ ਕੁਮਾਰ, ਵਿਸ਼ਾਲ ਤੇ ਰਾਜ ਕੁਮਾਰ ਨੇ ਦੱਸਿਆ ਕਿ ਮਜ਼ਦੂਰਾਂ ਨੇ ਸਰਕਾਰ ਨੂੰ 30 ਮੰਗਾਂ ਪੇਸ਼ ਕੀਤੀਆਂ। ਇਨ੍ਹਾਂ ’ਚ ਸਾਰੇ ਆਊਟਸੋਰਸ ਤੇ ਅਸਥਾਈ ਸਫਾਈ ਕਰਮਚਾਰੀਆਂ, ਸੀਵਰਮੈਨ, ਮਾਲੀ, ਕਲਰਕ, ਡਰਾਈਵਰ ਆਦਿ ਨੂੰ ਤੁਰੰਤ ਰੈਗੂਲਰ ਕਰਨਾ ਸ਼ਾਮਲ ਹੈ। 1 ਜਨਵਰੀ, 2004 ਤੋਂ ਬਾਅਦ ਭਰਤੀ ਕੀਤੇ ਗਏ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀ ਮੂਲ ਤਨਖਾਹ ਵਧਾ ਕੇ 30,000 ਰੁਪਏ ਕੀਤੀ ਜਾਵੇ ਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਲਾਗੂ ਕੀਤਾ ਜਾਵੇ। 15 ਸਾਲ ਦੀ ਸੇਵਾ ਵਾਲੇ ਕਲਰਕਾਂ ਨੂੰ ਇੰਸਪੈਕਟਰ ਤੇ ਪੰਪ ਆਪਰੇਟਰਾਂ ਨੂੰ ਜੇਈ ਵਜੋਂ ਤਰੱਕੀ ਦਿੱਤੀ ਜਾਵੇ। ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਯੋਗਤਾ ਦੇ ਆਧਾਰ ਤੇ ਤਕਨੀਕੀ ਅਹੁਦਿਆਂ ਤੇ ਤਰੱਕੀ ਦੇ ਮੌਕੇ ਦਿੱਤੇ ਜਾਣ। ਸਫਾਈ ਕਰਮਚਾਰੀਆਂ ਲਈ ਸਾਲਾਨਾ ਦੁਰਘਟਨਾ ਬੀਮਾ ਵਧਾ ਕੇ 20 ਲੱਖ ਰੁਪਏ ਕੀਤਾ ਜਾਵੇ। ਨਵੀਂ ਭਰਤੀ ’ਚ ਸਫਾਈ ਕਰਮਚਾਰੀ ਪਿਛੋਕੜ ਵਾਲੇ ਉਮੀਦਵਾਰਾਂ ਲਈ 75 ਪ੍ਰਤੀਸ਼ਤ ਰਾਖਵਾਂਕਰਨ ਯਕੀਨੀ ਬਣਾਇਆ ਜਾਵੇ। ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ। ਵਰਦੀ ਤੇ ਕੱਪੜੇ ਧੋਣ ਦੇ ਭੱਤਿਆਂ ’ਚ ਚਾਰ ਗੁਣਾ ਵਾਧਾ ਕੀਤਾ ਜਾਵੇ। ਕਿਸੇ ਕਰਮਚਾਰੀ ਦੀ ਮੌਤ ਹੋਣ ਤੇ ਵਾਰਸਾਂ ਨੂੰ ਬਿਨਾਂ ਸ਼ਰਤ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਤੇ ਐਕਸ-ਗ੍ਰੇਸ਼ੀਆ ਗ੍ਰਾਂਟ ਨੂੰ ਚਾਰ ਗੁਣਾ ਵਧਾਇਆ ਜਾਣਾ ਚਾਹੀਦਾ ਹੈ। ਕੂੜੇ ਦੇ ਢੇਰਾਂ ’ਤੇ ਘੁੰਮ ਰਹੇ ਨੇ ਅਵਾਰਾ ਪਸ਼ੂਆਂ ਦੇ ਝੁੰਡ ਮੁਕਤਸਰ ਸ਼ਹਿਰ ’ਚ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਹਰ ਪਾਸੇ ਕੂੜੇ ਦੇ ਢੇਰ ਲੱਗ ਗਏ ਹੜ ਜਿਸ ’ਤੇ ਅਵਾਰਾ ਪਸ਼ੂ ਘੁੰਮ ਰਹੇ ਸਨ। ਨਤੀਜੇ ਵਜੋਂ ਗੰਦਗੀ ਸੜਕਾਂ ਤੇ ਖਿੰਡ ਗਈ। ਇਸ ਦੌਰਾਨ ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੇ ਲਾਗੂ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। 200 ਕਰਮਚਾਰੀ ਚਲ ਰਹੇ ਹਨ ਹੜਤਾਲ ’ਤੇ ਸਫਾਈ ਕਰਮਚਾਰੀ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਨੇ ਦੱਸਿਆ ਕਿ ਸ਼ਹਿਰ ਦੇ ਕਰੀਬ 200 ਕਰਚਮਾਰੀ ਹੜਤਾਲ ਚਲ ਰਹੇ ਹਨ। ਹੜਤਾਲ ਲਗਾਤਾਰ ਜਾਰੀ ਰਹੇਗੀ। ਆਗੂਆਂ ਨੇ ਕਿਹਾ ਜਿਨ੍ਹਾਂ ਚਿਰ ਮੰਗਾਂ ਦੀ ਪੂਰੀ ਨਹੀਂ ਹੁੰਦੀ ਓਨਾਂ ਚਿਰ ਹੜਤਾਲ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਸੂਬਾ ਆਗੂਆਂ ਦੇ ਸੱਦੇ ’ਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।