ਰਾਜਾ ਵੜਿੰਗ ਨੇ ਅਫ਼ਸਰਸ਼ਾਹੀ ਤੇ ਲਗਾਏ ਸਿਆਸੀ ਸ਼ਹਿ ਤੇ ਕਾਂਗਰਸੀ ਵਰਕਰਾਂ ਨਾਲ ਧੱਕਾ ਕਰਨ ਦੇ ਦੋਸ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਐੱਸਡੀਐੱਮ ਗਿੱਦੜਬਾਹਾ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਿਆਸੀ ਸ਼ਹਿ ’ਤੇ ਗਿੱਦੜਬਾਹਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੂੰ ਜਾਣ ਬੁੱਝ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਉਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੈਂਕੜੇ ਸਮਰੱਥਕਾਂ ਨਾਲ ਐੱਸ.ਡੀ.ਐੱਮ. ਦਫ਼ਤਰ ਗਿੱਦੜਬਾਹਾ ਦੇ ਬਾਹਰ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗਿੱਦੜਬਾਹਾ ਦੇ ਪਿੰਡ ਕਾਉਣੀ ਦੇ ਰਹਿਣ ਵਾਲੇ ਕਾਂਗਰਸੀ ਵਰਕਰ ਕੁਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਆਪਣੇ ਘਰ ਦੇ ਬਾਹਰ ਇਕ ਰੈਂਪ ਬਣਾਇਆ ਸੀ ਜਿਸ ਨੂੰ ਲੈ ਕੇ ਪਿੰਡ ਦੇ ਹੀ ਕਿਸੇ ਵਿਅਕਤੀ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਕੁਲਵਿੰਦਰ ਸਿੰਘ ਦਾ ਉਕਤ ਵਿਅਕਤੀ ਨਾਲ ਕੋਈ ਲੜਈ ਜਾਂ ਝਗੜਾ ਆਦਿ ਨਹੀਂ ਹੋਇਆ ਪਰੰਤੂ ਫਿਰ ਵੀ ਪਿੰਡ ਦੋਦਾ ਪੁਲਿਸ ਚੌਂਕੀ ਦੇ ਇਕ ਏ.ਐੱਸ.ਆਈ. ਪੀੜਿ੍ਹਤ ਕੁਲਵਿੰਦਰ ਸਿੰਘ ਨੂੰ ਬੰਦੀ ਬਣਾ ਕੇ ਐੱਸਡੀਐੱਮ ਦਫ਼ਤਰ ਵਿਖੇ ਪੇਸ਼ ਕਰਨ ਦੀ ਬਜਾਏ ਕਥਿਤ ਤੌਰ ਇਕ ਸੱਤਾਧਾਰੀ ਨੇਤਾ ਦੇ ਘਰ ਲੈ ਗਿਆ ਅਤੇ ਰਾਜੀਨਾਮਾ ਲਈ ਦਬਾਓ ਪਾਇਆ। ਇਸ ਤੋਂ ਬਾਅਦ ਉਕਤ ਕੁਲਵਿੰਦਰ ਸਿੰਘ ਦੀ ਬੀਤੀ 9 ਸਤੰਬਰ ਨੂੰ ਜਮਾਨਤ ਹੋ ਗਈ ਸੀ। ਜਦੋਂ 15 ਸਤੰਬਰ ਨੂੰ ਉਕਤ ਕੇਸ ਵਿਚ ਕੁਲਵਿੰਦਰ ਸਿੰਘ ਮੁੜ ਕਾਰਜਕਾਰੀ ਮੈਜਿਸਟਰੇਟ ਗਿੱਦੜਬਾਹਾ ਦੇ ਪੇਸ਼ ਹੋਇਆ ਤਾਂ ਪਿੰਡ ਇਕ ਵਿਅਕਤੀ ਪਾਲ ਸਿੰਘ ਵੱਲੋਂ ਕੁਲਵਿੰਦਰ ਸਿੰਘ ਦੀ ਸਿਹਤ ਸੰਬੰਧੀ ਦਿੱਤੀ ਦਰਖਾਸਤ ਤੇ ਕਾਰਜਕਾਰੀ ਮੈਜਿਸਟਰੇਟ ਗਿੱਦੜਬਾਹਾ ਵੱਲੋਂ ਚੌਂਕੀ ਇੰਚਾਰਜ ਥਾਣਾ ਕੋਟਭਾਈ ਨੂੰ ਪੱਤਰ ਲਿਖ ਕੇ ਕੁਲਵਿੰਦਰ ਸਿੰਘ ਨੂੰ ਮੈਂਟਲੀ ਅਪਸੈਟ ਹੋਣ ਦੇ ਚਲੱਦਿਆ ਜੇਲ ਵਿਚ ਭੇਜੇ ਜਾਣ ਦੀ ਬਜਾਏ ਇਲਾਜ ਲਈ ਹਸਪਤਾਲ ਭੇਜਣ ਬਾਰੇ ਲਿਖਿਆ ਸੀ ਪਰੰਤੂ ਐੱਸਡੀਐੱਮ ਗਿੱਦੜਬਾਹਾ ਨੇ ਸੱਤਾਧਾਰੀ ਧਿਰ ਦੀ ਸ਼ਹਿ ਤੇ ਕੁਲਵਿੰਦਰ ਸਿੰਘ ਨੂੰ ਮੁੜ ਜੇਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅੱਜ ਇਸ ਮਾਮਲੇ ਸੰਬੰਧੀ ਐੱਸ.ਡੀ.ਐੱਮ. ਗਿੱਦੜਬਾਹਾ ਨੂੰ ਮਿਲਣ ਆਏ ਸਨ ਪਰੰਤੂ ਵਾਰ ਵਾਰ ਦਫ਼ਤਰ ਹਾਜ਼ਰ ਆਉਣ ਕਹਿ ਕੇ ਵੀ ਉਹ ਦਫ਼ਤਰ ਹਾਜ਼ਰ ਨਹੀਂ ਆਏ। ਉਨ੍ਹਾਂ ਕਿਹਾ ਕਿ ਉਹ ਪੂਰੇ ਮਾਮਲੇ ਸੰਬੰਧੀ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜਕਾਉਣਗੇ। ਓਧਰ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਐਸਡੀਐਮ ਜਸਪਾਲ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਕੁਲਵਿੰਦਰ ਸਿੰਘ ਨੂੰ ਬੀਤੀ 9 ਸਤੰਬਰ ਨੂੰ ਜਮਾਨਤ ਦੇ ਦਿੱਤੀ ਸੀ ਪਰੰਤੂ ਬੀਤੇ ਦਿਨ ਪੇਸ਼ੀ ਦੌਰਾਨ ਉਸਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ, ਜਿਸ ਕਾਰਨ ਉਸਦੀ ਜਮਾਨਤ ਰੱਦ ਕਰ ਦਿੱਤੀ ਗਈ ਸੀ ਪਰੰਤੂ ਅੱਜ ਉਸਨੂੰ ਜਮਾਨਤ ਦੇ ਦਿੱਤੀ ਗਈ ਹੈ।