ਬਿਜਲੀ ਸਪਲਾਈ ਨੂੰ ਲੈ ਕੇ ਬਸਪਾ ਨੇ ਸਰਕਾਰ ਵਿਰੁੱਧ ਖੋਲਿਆ ਮੋਰਚਾ
ਪੰਜਾਬ ਦੇ ਬਿਜਲੀ ਪ੍ਰਬੰਧਾਂ ਦਾ ਬੁਰਾ ਹਾਲ : ਜਗਦੇਵ ਅਲਾਰਮ
Publish Date: Sat, 23 May 2026 06:12 PM (IST)
Updated Date: Sat, 23 May 2026 06:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਅੰਦਰ ਬਿਜਲੀ ਦੇ ਮਾੜੇ ਪ੍ਰਬੰਧਾਂ ਅਤੇ ਬਿਜਲੀ ਵਿਭਾਗ ਦੀ ਕਥਿਤ ਲਾਪਰਵਾਹੀ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਬਸਪਾ ਦੇ ਜ਼ਿਲ੍ਹਾ ਇੰਚਾਰਜ ਜਗਦੇਵ ਅਲਾਰਮ ਸ੍ਰੀ ਮੁਕਤਸਰ ਸਾਹਿਬ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਫਲੈਕਸ ਬੋਰਡ ਲਗਾ ਕੇ ਮੁਫ਼ਤ ਬਿਜਲੀ ਦੇਣ ਦੇ ਖੋਖਲੇ ਦਾਅਵੇ ਠੋਕ ਰਹੀ ਹੈ, ਪਰ ਦੂਜੇ ਪਾਸੇ ਬਿਜਲੀ ਗੁੱਲ ਹੋਣ ਤੇ ਖਪਤਕਾਰਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ। ਸ਼੍ਰੀ ਜਗਦੇਵ ਅਲਾਰਮ ਨੇ ਬਿਜਲੀ ਵਿਭਾਗ ਦੀ ਨਾਕਾਮੀ ਦੀ ਤਾਜ਼ਾ ਮਿਸਾਲ ਦਿੰਦਿਆਂ ਦੱਸਿਆ ਕਿ ਡਾਕਟਰ ਬੀ. ਆਰ. ਅੰਬੇਡਕਰ ਮਾਰਗ ਨੇੜੇ ਸ਼੍ਰੀ ਗੁਰੂ ਰਵਿਦਾਸ ਮੰਦਰ, ਗਲੀ ਦਰਵਾਜ਼ੇ ਵਾਲੀ ਵਿਖੇ ਲਗਭਗ ਰਾਤ 12:00 ਵਜੇ ਤੋਂ ਅੱਧੇ ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਪਈ ਸੀ। ਪਰੇਸ਼ਾਨ ਲੋਕਾਂ ਵੱਲੋਂ ਪਾਵਰਕੌਮ ਦੇ ਹੈਲਪਲਾਈਨ ਨੰਬਰ 1912 ਤੇ ਵਾਰ-ਵਾਰ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਵਿਭਾਗ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਹੱਦ ਤਾਂ ਉਦੋਂ ਹੋ ਗਈ ਜਦੋਂ ਲੋਕਲ ਨੰਬਰ (9646115028) ਤੇ ਸੰਪਰਕ ਕੀਤਾ ਗਿਆ, ਤਾਂ ਉੱਥੇ ਮੌਜੂਦ ਅਧਿਕਾਰੀ ਨੇ ਸਟਾਫ਼ ਦੀ ਘਾਟ ਦਾ ਰੋਣਾ ਰੋ ਕੇ ਪੱਲਾ ਝਾੜ ਲਿਆ ਅਤੇ ਮਾਮਲੇ ਨੂੰ ਟਾਲ ਦਿੱਤਾ। ਮੁਹੱਲਾ ਨਿਵਾਸੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਗਲੀ ਦਰਵਾਜ਼ੇ ਵਾਲੀ ਵਿਖੇ ਬਿਜਲੀ ਖ਼ਰਾਬ ਹੋਣ ਦਾ ਇਹ ਸਿਲਸਿਲਾ ਲਗਭਗ ਹਰ ਦੂਜੇ-ਤੀਜੇ ਦਿਨ ਬਰਕਰਾਰ ਰਹਿੰਦਾ ਹੈ। ਸਰਕਾਰੀ ਮੁਲਾਜ਼ਮਾਂ ਦੇ ਨਾ ਪਹੁੰਚਣ ਕਾਰਨ ਅਖ਼ੀਰ ਮੁਹੱਲੇ ਦੇ ਲੋਕਾਂ ਨੂੰ ਖ਼ੁਦ ਆਪਣੀ ਜੇਬ ਵਿੱਚੋਂ ਪੈਸੇ ਇਕੱਠੇ ਕਰਕੇ ਕਿਸੇ ਪ੍ਰਾਈਵੇਟ ਮਿਸਤਰੀ (ਬੰਦੇ) ਤੋਂ ਬਿਜਲੀ ਠੀਕ ਕਰਵਾਉਣੀ ਪੈਂਦੀ ਹੈ। ਸਾਨੂੰ ਅਜਿਹੀ ਮੁਫ਼ਤ ਬਿਜਲੀ ਦਾ ਕੀ ਫ਼ਾਇਦਾ, ਜੇਕਰ ਸਾਨੂੰ ਗਰਮੀ ਵਿੱਚ ਤੜਫਣਾ ਪਵੇ ਅਤੇ ਤਾਰਾਂ ਠੀਕ ਕਰਵਾਉਣ ਲਈ ਵੀ ਪੈਸੇ ਆਪਣੀ ਜੇਬ ਵਿੱਚੋਂ ਦੇਣੇ ਪੈਣ? ਅਸੀਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਹਾਂ ਕਿ ਇਸ ਰੋਜ਼-ਰੋਜ਼ ਦੀ ਨਰਕ ਭਰੀ ਸਮੱਸਿਆ ਤੋਂ ਸਾਨੂੰ ਤੁਰੰਤ ਨਿਜਾਤ ਦਿਵਾਈ ਜਾਵੇ। ਇਸ ਮੌਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਸ: ਗੇਜਾ ਸਿੰਘ, ਮੋਹਿਤ ਕੁਮਾਰ, ਹਰਪ੍ਰੀਤ ਸਿੰਘ, ਪ੍ਰੇਮ ਕੁਮਾਰ, ਵੀਨਾ ਰਾਣੀ, ਕੁਲਵਿੰਦਰ ਕੌਰ, ਸੋਨੀ, ਨਿੱਕਾ, ਸੰਤਰੋ ਰਾਣੀ, ਜਸਵੀਰ ਕੌਰ, ਬੰਟੀ, ਦੀਪ ਚੰਦ, ਪੁਸ਼ਪਾ ਰਾਣੀ, ਬਿੱਲੋ ਰਾਣੀ, ਮੂਰਤੀ ਦੇਵੀ, ਸੋਮਾਂ ਰਾਣੀ, ਤਾਰਾ ਰਾਣੀ, ਸੰਤੋਸ਼ ਰਾਣੀ ਅਤੇ ਛਿੰਦਰ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।