ਨਗਰ ਕੌਂਸਲ ਚੋਣਾਂ 2026 ਨੂੰ ਲੈ ਕੇ ਪੁਲਿਸ ਵੱਲੋਂ ਜ਼ਿਲ੍ਹਾ ਭਰ ’ਚ 29 ਨਾਕੇ ਲਗਾ ਸਖ਼ਤ ਸੁਰੱਖਿਆ ਪ੍ਰਬੰਧ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਚੋਣਾਂ 2026 ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਭਰ ’ਚ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ਅਤੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ (ਆਈਪੀਐੱਸ) ਦੀ ਅਗਵਾਈ ਹੇਠ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ, ਫਲੈਗ ਮਾਰਚ, ਕਾਸੋ ਆਪਰੇਸ਼ਨ ਅਤੇ ਵਿਸ਼ੇਸ਼ ਸਰਚ ਅਭਿਆਨ ਚਲਾਏ ਜਾ ਰਹੇ ਹਨ, ਤਾਂ ਜੋ ਜ਼ਿਲ੍ਹੇ ’ਚ ਕਾਨੂੰਨ-ਵਿਵਸਥਾ ਕਾਇਮ ਰਹੇ ਅਤੇ ਲੋਕਾਂ ’ਚ ਸੁਰੱਖਿਆ ਅਤੇ ਭਰੋਸੇ ਦਾ ਮਾਹੌਲ ਬਣਿਆ ਰਹੇ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਹਰ ਸੰਵੇਦਨਸ਼ੀਲ ਖੇਤਰ ’ਚ ਪੁਲਿਸ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਕੁੱਲ 29 ਨਾਕੇ ਲਗਾ ਕੇ ਹਰ ਆਉਣ-ਜਾਣ ਵਾਲੇ ਵਾਹਨ ਅਤੇ ਸ਼ੱਕੀ ਵਿਅਕਤੀਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੀਸੀਆਰ ਮੋਟਰਸਾਈਕਲ ਟੀਮਾਂ ਵੱਲੋਂ ਲਗਾਤਾਰ ਗਸ਼ਤ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਜ਼ਿਲ੍ਹੇ ’ਚ ਸ਼ਾਂਤੀ, ਭਾਈਚਾਰਾ ਅਤੇ ਸਦਭਾਵਨਾ ਬਣਾਈ ਰੱਖਣਾ, ਲੋਕਾਂ ਵਿੱਚੋਂ ਡਰ ਅਤੇ ਭੈ ਦਾ ਮਾਹੌਲ ਖਤਮ ਕਰਨਾ ਅਤੇ ਸ਼ਰਾਰਤੀ ਅਨਸਰਾਂ, ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਤੱਤਾਂ ’ਤੇ ਨਕੇਲ ਕੱਸਣਾ ਹੈ। ਪੁਲਿਸ ਵੱਲੋਂ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਜ਼ਿਲ੍ਹਾ ਪੁਲਿਸ ਵੱਲੋਂ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਅਤੇ ਲੰਬੀ ਸਮੇਤ ਚਾਰੇ ਸਬ-ਡਿਵੀਜ਼ਨਾਂ ਵਿੱਚ 29 ਨਾਕੇ ਲਗਾ ਕੇ ਵਿਸ਼ੇਸ਼ ਸਰਚ ਆਪਰੇਸ਼ਨ ਚਲਾਏ ਗਏ। ਇਸ ਦੌਰਾਨ ਕਰੀਬ 255 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਡਿਊਟੀ ’ਤੇ ਤਾਇਨਾਤ ਰਹੇ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਅਚਾਨਕ ਚੈਕਿੰਗ, ਕਾਸੋ ਆਪਰੇਸ਼ਨ ਅਤੇ ਫਲੈਗ ਮਾਰਚ ਕਰਕੇ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕੀਤੀ ਜਾ ਰਹੀ ਹੈ। ਇਸ ਸਪੈਸ਼ਲ ਆਪਰੇਸ਼ਨ ਦੀ ਨਿਗਰਾਨੀ ਐਸਪੀ (ਡੀ) ਸ੍ਰੀ ਮਨਮੀਤ ਸਿੰਘ ਢਿੱਲੋਂ ਅਤੇ ਸਬੰਧਤ ਸਬ-ਡਿਵੀਜ਼ਨਾਂ ਦੇ ਡੀਐੱਸਪੀਜ਼ ਬਚਨ ਸਿੰਘ ਡੀਐੱਸਪੀ (ਸ੍ਰੀ ਮੁਕਤਸਰ ਸਾਹਿਬ), ਜਤਿੰਦਰ ਸਿੰਘ ਡੀਐੱਸਪੀ (ਗਿੱਦੜਬਾਹਾ), ਜਸਪਾਲ ਸਿੰਘ ਡੀਐੱਸਪੀ (ਮਲੋਟ) ਅਤੇ ਹਰਬੰਸ ਸਿੰਘ ਡੀਐੱਸਪੀ (ਲੰਬੀ) ਵੱਲੋਂ ਕੀਤੀ ਗਈ, ਤਾਂ ਜੋ ਹਰ ਪੱਧਰ ’ਤੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਯਕੀਨੀ ਬਣਾਏ ਜਾ ਸਕਣ। ਪੁਲਿਸ ਟੀਮਾਂ ਵੱਲੋਂ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹੋਏ ਪੈਸ ਐਪ ਰਾਹੀਂ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਵੇਰਿਫਿਕੇਸ਼ਨ ਕੀਤੀ ਜਾ ਰਹੀ ਹੈ, ਜਦਕਿ ਵਾਹਣ ਐਪ ਰਾਹੀਂ ਵਾਹਨਾਂ ਦੀ ਜਾਂਚ ਕਰਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਚੋਰੀਸ਼ੁਦਾ ਜਾਂ ਸ਼ੱਕੀ ਵਾਹਨ ਜ਼ਿਲ੍ਹੇ ਅੰਦਰ ਦਾਖ਼ਲ ਨਾ ਹੋ ਸਕੇ। ਨਾਕਿਆਂ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਹਰ ਵਾਹਨ ਦੇ ਦਸਤਾਵੇਜ਼ਾਂ ਅਤੇ ਡਰਾਈਵਰਾਂ ਦੀ ਪਛਾਣ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਜਾਂ ਦਬਾਅ ਤੋਂ ਕਰਨ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਹਰ ਸਮੇਂ ਤਤਪਰ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ, ਨਸ਼ਾ ਤਸਕਰੀ ਜਾਂ ਅਪਰਾਧਕ ਸਰਗਰਮੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸਾਂਝੀ ਕਰਨ। ਲੋਕ 80549-42100 ਨੰਬਰ ‘ਤੇ ਫੋਨ ਜਾਂ ਵਟਸਐਪ ਰਾਹੀਂ ਜਾਣਕਾਰੀ ਦੇ ਸਕਦੇ ਹਨ ਅਤੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਅੰਤ ’ਚ ਐੱਸਐੱਸਪੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਜ਼ਿਲ੍ਹੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ’ਚ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਇਸ ਤਰ੍ਹਾਂ ਦੇ ਵਿਸ਼ੇਸ਼ ਸਰਚ ਆਪਰੇਸ਼ਨ, ਨਾਕਾਬੰਦੀ, ਕਾਸੋ ਆਪਰੇਸ਼ਨ ਅਤੇ ਫਲੈਗ ਮਾਰਚ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਜ਼ਿਲ੍ਹੇ ਨੂੰ ਅਪਰਾਧ ਮੁਕਤ, ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ।