ਵਾਰਡ 16, 17, 18 ’ਚ ਪਾਣੀ-ਸੀਵਰੇਜ ਤੋਂ ਲੋਕ ਪਰੇਸ਼ਾਨ, ਗਲ਼ੀਆਂ ਵੀ ਟੁੱਟੀਆਂ
ਵਾਰਡ 16, 17, 18 ’ਚ ਪਾਣੀ-ਸੀਵਰੇਜ ਤੋਂ ਲੋਕ ਪ੍ਰੇਸ਼ਾਨ, ਗਲੀਆਂ ਵੀ ਟੁੱਟੀਆਂ
Publish Date: Fri, 15 May 2026 05:07 PM (IST)
Updated Date: Fri, 15 May 2026 05:09 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਨਗਰ ਕੌਂਸਲ ਚੋਣਾਂ ਦੀ ਸਰਗਰਮੀ ਤੇਜ਼ ਹੋ ਗਈ ਹੈ। ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ’ਚ ਜੁਟੀਆਂ ਹੋਈਆਂ ਹਨ, ਪਰ ਇਸ ਵਾਰ ਜਨਤਾ ਦਾ ਮੂਡ ਸਾਫ਼ ਹੈ। ਲੋਕਾਂ ਦਾ ਕਹਿਣਾ ਹੈ ਕਿ ਵੋਟ ਉਸੇ ਉਮੀਦਵਾਰ ਨੂੰ ਦੇਵਾਂਗੇ ਜੋ ਵਾਅਦਿਆਂ ਦੀ ਬਜਾਏ ਕੰਮ ਕਰਕੇ ਦਿਖਾਏਗਾ। ਵਾਰਡ ਨੰਬਰ 16, 17 ਅਤੇ 18 ’ਚ ਹਾਲਾਤ ਸਭ ਤੋਂ ਵੱਧ ਖ਼ਰਾਬ ਹਨ। ਇੱਥੋਂ ਦੀ ਮੁੱਖ ਸਮੱਸਿਆ ਸਾਫ਼ ਪੀਣ ਵਾਲੇ ਪਾਣੀ ਦੀ ਹੈ। ਕਈ ਮੁਹੱਲਿਆਂ ’ਚ ਇਸ ਸਮੇਂ ਟੂਟੀਆਂ ’ਚ ਪਾਣੀ ਨਹੀਂ ਆ ਰਿਹਾ। ਲੋਕ ਟੈਂਕਰਾਂ ਦੇ ਭਰੋਸੇ ਹਨ ਜਾਂ ਖ਼ਰਾਬ ਜ਼ਮੀਨੀ ਪਾਣੀ ਪੀਣ ਲਈ ਮਜਬੂਰ ਹਨ। ਇੰਨਾ ਹੀ ਨਹੀਂ, ਸੀਵਰੇਜ ਜਾਮ ਹੋਣ ਕਾਰਨ ਹਰ ਵੇਲੇ ਕਿਸੇ ਨਾ ਕਿਸੇ ਗਲੀ ’ਚ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ। ਗਲੀਆਂ ਟੁੱਟ ਚੁੱਕੀਆਂ ਹਨ, ਜਿਨ੍ਹਾਂ ਨੂੰ ਬਣਾਇਆ ਨਹੀਂ ਜਾ ਰਿਹਾ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਪੰਜ ਸਾਲਾਂ ’ਚ ਉਨ੍ਹਾਂ ਦੀਆਂ ਇਹ ਬੁਨਿਆਦੀ ਸਮੱਸਿਆਵਾਂ ਹੀ ਹੱਲ ਨਹੀਂ ਹੋ ਸਕੀਆਂ। ਲੋਕਾਂ ਅਨੁਸਾਰ ਗਲੀਆਂ ’ਚ ਹਰ ਵੇਲੇ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ। ਸਕੂਲ ਜਾਣ ਵਾਲੇ ਬੱਚੇ ਵੀ ਇਸੇ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਂਦੇ ਹਨ। ਸੀਵਰੇਜ ਓਵਰਫਲੋਅ ਹੀ ਰਹਿੰਦਾ ਵਾਰਡ 16 ਦੇ ਨਿਵਾਸੀ ਅਜੇ ਕੁਮਾਰ ਬੌਬੀ ਨੇ ਕਿਹਾ ਕਿ ਸੀਵਰੇਜ ਜਾਮ ਅਤੇ ਟੁੱਟੀਆਂ ਗਲੀਆਂ ਵੱਡੀ ਮੁਸੀਬਤ ਹਨ। ਇਲਾਕੇ ਦੀਆਂ ਕਈ ਗਲੀਆਂ ’ਚ ਸੀਵਰੇਜ ਓਵਰਫਲੋਅ ਹੀ ਰਹਿੰਦਾ ਹੈ। ਗੰਦਾ ਪਾਣੀ ਘਰਾਂ ਦੇ ਅੱਗੇ ਜਮ੍ਹਾਂ ਰਹਿੰਦਾ ਹੈ। ਬਦਬੂ ਕਾਰਨ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ। ਇਸ ਵਾਰ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲਾ ਆਗੂ ਚੁਣਾਂਗੇ। ਦੁਕਾਨਦਾਰ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਉਹ ਮੁਹੱਲੇ ’ਚ ਸੀਵਰੇਜ ਜਾਮ ਦੀ ਸਮੱਸਿਆ ਨੂੰ ਲੰਬੇ ਸਮੇਂ ਤੋਂ ਝੱਲ ਰਹੇ ਹਨ। ਉੱਥੇ ਹੀ ਗਲੀਆਂ ਨੂੰ ਪੱਕਾ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ, ਜਿਸ ਦਾ ਹੱਲ ਹੋਣਾ ਚਾਹੀਦਾ ਹੈ। ਪਰ ਕਿਸੇ ਨੇ ਵੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ। ਅਮਨਦੀਪ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਸਾਡੇ ਵਾਰਡਾਂ ’ਚ ਕੋਈ ਬੁਨਿਆਦੀ ਕੰਮ ਨਹੀਂ ਹੋਇਆ। ਚੋਣਾਂ ਵੇਲੇ ਵਾਅਦਿਆਂ ਦੀ ਝੜੀ ਲੱਗ ਜਾਂਦੀ ਹੈ, ਬਾਅਦ ’ਚ ਕੋਈ ਪੁੱਛਣ ਨਹੀਂ ਆਉਂਦਾ। ਜਿਸਦਾ ਖ਼ਾਮਿਆਜ਼ਾ ਸਾਨੂੰ ਭੁਗਤਣਾ ਪੈਂਦਾ ਹੈ। ਪ੍ਰਦੀਪ ਕੁਮਾਰ ਨੇ ਕਿਹਾ ਕਿ ਜਦੋਂ ਚੋਣਾਂ ਨਜ਼ਦੀਕ ਆਉਂਦੀਆਂ ਹਨ ਤਾਂ ਲੀਡਰਾਂ ਨੂੰ ਸਾਡੀ ਯਾਦ ਆ ਜਾਂਦੀ ਹੈ। ਪਰ ਅਸੀਂ ਪੰਜ ਸਾਲਾਂ ਤੱਕ ਬੇਸਿਕ (ਬੁਨਿਆਦੀ) ਸਹੂਲਤਾਂ ਨੂੰ ਹੀ ਤਰਸਦੇ ਰਹਿੰਦੇ ਹਾਂ। ਇਸ ਵਾਰ ਅਜਿਹਾ ਆਗੂ ਚੁਣਿਆ ਜਾਵੇਗਾ ਜੋ ਸਾਡੇ ਕੰਮ ਕਰਵਾਉਣ ਦੀ ਸਮਰੱਥਾ ਰੱਖਦਾ ਹੋਵੇ।