ਨਾ ਟਿਊਸ਼ਨ, ਨਾ ਇੰਟਰਨੈੱਟ ਮੀਡੀਆ; ਸੈਲਫ ਸਟੱਡੀ ਨਾਲ ਹਰਮੀਨ ਨੇ ਮਾਰੀ ਬਾਜ਼ੀ, ਜ਼ਿਲ੍ਹੇ ’ਚੋਂ ਅੱਵਲ
ਨਾ ਟਿਊਸ਼ਨ, ਨਾ ਇੰਟਰਨੈੱਟ ਮੀਡੀਆ : ਸੈਲਫ ਸਟੱਡੀ ਨਾਲ ਹਰਮੀਨ ਨੇ ਮਾਰੀ ਬਾਜ਼ੀ, ਜ਼ਿਲ੍ਹੇ ’ਚ ਰਹੀ ਅੱਵਲ
Publish Date: Mon, 11 May 2026 05:57 PM (IST)
Updated Date: Mon, 11 May 2026 06:00 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ’ਚ ਲੜਕੀਆਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਜ਼ਿਲ੍ਹੇ ਦੀ ਮੈਰਿਟ ਸੂਚੀ ’ਚ ਸ਼ਾਮਲ ਪਹਿਲੇ ਪੰਜੇ ਸਥਾਨਾਂ ’ਤੇ ਲੜਕੀਆਂ ਨੇ ਕਬਜ਼ਾ ਕੀਤਾ ਹੈ। ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦੀ ਵਿਦਿਆਰਥਣ ਹਰਮੀਨ ਕੌਰ ਪੁੱਤਰੀ ਰਣਜੀਤ ਸਿੰਘ ਨੇ 97.8 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸੂਬਾ ਪੱਧਰੀ ਮੈਰਿਟ ਵਿੱਚ ਹਰਮੀਨ 14ਵੇਂ ਸਥਾਨ ’ਤੇ ਰਹੀ। ਸਰਕਾਰੀ ਹਾਈ ਸਕੂਲ ਨੂਰਪੁਰ ਕ੍ਰਿਪਾਲ ਕੇ ਦੀ ਰਵਨੀਤ ਕੌਰ ਪੁੱਤਰੀ ਨਿਸ਼ਾਨ ਸਿੰਘ 96.92 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ’ਚ ਦੂਜੇ ਸਥਾਨ ’ਤੇ ਰਹੀ। ਉੱਥੇ ਹੀ ਸਰਕਾਰੀ ਹਾਈ ਸਕੂਲ ਸਾਹਿਬ ਚੰਦ ਦੀ ਵਿਦਿਆਰਥਣ ਸਲੋਨੀ ਪੁੱਤਰੀ ਲਛਮਣ ਦਾਸ ਨੇ 96.46 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਨਤੀਜਾ ਐਲਾਨੇ ਜਾਣ ਤੋਂ ਬਾਅਦ ਤਿੰਨੋਂ ਸਕੂਲਾਂ ’ਚ ਜਸ਼ਨ ਦਾ ਮਾਹੌਲ ਬਣ ਗਿਆ। ਸਕੂਲ ਸਟਾਫ਼ ਅਤੇ ਮਾਪਿਆਂ ਨੇ ਹੋਣਹਾਰ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਟਾਪਰਾਂ ਦੀ ਜ਼ੁਬਾਨੀ ਸਫਲਤਾ ਦਾ ਮੰਤਰ ਜ਼ਿਲ੍ਹਾ ਟਾਪਰ ਹਰਮੀਨ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ 6 ਤੋਂ 7 ਘੰਟੇ ਪੜ੍ਹਾਈ ਕਰਦੀ ਸੀ। ਮੋਬਾਈਲ ਦੀ ਵਰਤੋਂ ਸਿਰਫ਼ ਪੜ੍ਹਾਈ ਲਈ ਕੀਤੀ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ। ਬਿਨਾਂ ਕਿਸੇ ਟਿਊਸ਼ਨ ਦੇ ਸਿਰਫ਼ ਸਕੂਲ ਦੀ ਪੜ੍ਹਾਈ ਅਤੇ ਅਧਿਆਪਕਾਂ ਦੀ ਅਗਵਾਈ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਹਰਮੀਨ ਦੇ ਪਿਤਾ ਕਿਸਾਨ ਹਨ ਅਤੇ 12ਵੀਂ ਤੱਕ ਪੜ੍ਹੇ ਹਨ, ਜਦਕਿ ਮਾਤਾ ਬੀਏ ਪਾਸ ਘਰੇਲੂ ਸੁਆਣੀ ਹਨ। ਹਰਮੀਨ ਆਪਣੀ ਸਫਲਤਾ ਦਾ ਸਿਹਰਾ ਸਕੂਲ ਐਮਡੀ ਹਰਜੀਤ ਸਿੰਘ ਬਰਾੜ, ਪ੍ਰਿੰਸੀਪਲ ਪਰਮਜੀਤ ਕੌਰ, ਕਲਾਸ ਇੰਚਾਰਜ ਕਿਰਨਦੀਪ ਕੌਰ, ਅਧਿਆਪਕ ਗੁਰਮੀਤ ਸਿੰਘ ਅਤੇ ਮਾਪਿਆਂ ਨੂੰ ਦਿੰਦੀ ਹੈ। ਉਸ ਦਾ ਟੀਚਾ ਆਈਏਐੱਸ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ। ਦੂਜਾ ਸਥਾਨ ਹਾਸਲ ਕਰਨ ਵਾਲੀ ਰਵਨੀਤ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਛੇ-ਸੱਤ ਘੰਟੇ ਪੜ੍ਹਦੀ ਸੀ। ਉਹ ਭਵਿੱਖ ਵਿੱਚ ਇੱਕ ਸਫ਼ਲ ਅਧਿਆਪਕ ਬਣ ਕੇ ਸਮਾਜ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਸਕੂਲ ਸਟਾਫ਼ ਅਤੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਦੌਰਾਨ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕਮਲਜੀਤ ਕੌਰ ਨੇ ਦੱਸਿਆ ਸਕੂਲ ਦੀ ਇਕ ਹੋਰ ਵਿਦਿਆਰਥਣ ਸਹਿਜਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ 95.38 ਪ੍ਰਤੀਸ਼ਤ ਅੰਕਾਂ ਨਾਲ ਮੈਰਿਟ ਸੂਚੀ ’ਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਸਹਿਜਪ੍ਰੀਤ ਕੌਰ ਡਾਕਟਰ ਬਣਨਾ ਚਾਹੁੰਦੀ ਹੈ। ਦੋਵੇਂ ਵਿਦਿਆਰਥਣਾਂ ਬੇਹੱਦ ਮਿਹਨਤੀ ਹਨ। ਗਣਿਤ ਅਧਿਆਪਕ ਰਾਜੇਸ਼ ਬਾਂਸਲ ਅਤੇ ਸਾਇੰਸ ਅਧਿਆਪਕਾ ਰਮਨਿੰਦਰ ਕੌਰ ਨੇ ਦੱਸਿਆ ਕਿ ਇਹ ਦੋਵੇਂ ਵਿਦਿਆਰਥਣਾਂ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਅੱਗੇ ਸਨ। ਖ਼ਾਸ ਕਰਕੇ ਸਾਇੰਸ ਤੇ ਗਣਿਤ ਵਿਸ਼ਿਆਂ ’ਚ ਇਨ੍ਹਾਂ ਦੀ ਡੂੰਘੀ ਰੁਚੀ ਸੀ ਅਤੇ ਕਲਾਸ ਵਿੱਚ ਵੀ ਇਨ੍ਹਾਂ ਦਾ ਪ੍ਰਦਰਸ਼ਨ ਹਮੇਸ਼ਾ ਮੋਹਰੀ ਰਿਹਾ ਹੈ। ਤੀਜੇ ਸਥਾਨ ’ਤੇ ਰਹੀ ਸਲੋਨੀ ਨੇ ਦੱਸਿਆ ਕਿ ਉਸ ਨੇ ਬਿਨਾਂ ਟਿਊਸ਼ਨ ਤੋਂ ਰੋਜ਼ਾਨਾ 10 ਤੋਂ 12 ਘੰਟੇ ਪੜ੍ਹਾਈ ਕੀਤੀ ਅਤੇ ਮੋਬਾਈਲ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ। ਸਲੋਨੀ ਜੱਜ ਬਣਨਾ ਚਾਹੁੰਦੀ ਹੈ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਮੁੱਖ ਅਧਿਆਪਕ ਅਮਨਦੀਪ ਸਿੰਘ ਅਤੇ ਸਮੂਹ ਸਕੂਲ ਸਟਾਫ਼ ਨੂੰ ਦਿੱਤਾ। ਜ਼ਿਕਰਯੋਗ ਹੈ ਕਿ ਸਲੋਨੀ ਨੇ ਅੱਠਵੀਂ ਦੀ ਬੋਰਡ ਪ੍ਰੀਖਿਆ ਵਿੱਚ ਵੀ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਵਾਰ 10ਵੀਂ ਵਿੱਚ ਸੂਬੇ ਵਿੱਚੋਂ 18ਵਾਂ ਰੈਂਕ ਹਾਸਲ ਕਰਕੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਮੈਰਿਟ ਵਿੱਚ ਮੋਹਰੀ ਸਥਾਨ ਹਾਸਲ ਕਰ ਸਕਦੇ ਹਨ।