ਚੱਲਦੀ ਰੇਂਜ ਰੋਵਰ ਕਾਰ ਨੂੰ ਲੱਗੀ ਅੱਗ, ਪਤੀ-ਪਤਨੀ ਸੁਰੱਖਿਅਤ
ਚੱਲਦੀ ਰੇਂਜ ਰੋਵਰ ਕਾਰ ਨੂੰ ਲੱਗੀ ਅੱਗ, ਪਤੀ ਪਤਨੀ ਸੁਰੱਖਿਅਤ
Publish Date: Sat, 18 Apr 2026 04:22 PM (IST)
Updated Date: Sat, 18 Apr 2026 04:24 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਤੀ ਰਾਤ ਗਿੱਦੜਬਾਹਾ ਮਲੋਟ ਰੋਡ ’ਤੇ ਇਕ ਚਲਦੀ ਰੇਂਜ ਰੋਵਰ ਕਾਰ ਨੂੰ ਅਚਾਨਕ ਅੱਗ ਗਈ। ਇਸ ਹਾਦਸੇ ’ਚ ਜਿੱਥੇ ਕਾਰ ਪੂਰੀ ਤਰ੍ਹਾਂ ਸੜ੍ਹ ਗਈ ਉਥੇ ਹੀ ਸਮੇਂ ਸਿਰ ਕਾਰ ਨੂੰ ਅੱਗ ਲੱਗਣ ਬਾਰੇ ਪਤਾ ਲੱਗਣ ਦੇ ਚੱਲਦਿਆਂ ਕਾਰ ਸਵਾਰ ਪਤੀ ਪਤਨੀ ਕਾਰ ਵਿਚੋਂ ਸੁਰੱਖਿਅਤ ਬਾਹਰ ਆ ਗਏ। ਹਾਦਸੇ ਸੰਬੰਧੀ ਕਾਰ ਮਾਲਿਕ ਜਸਵਿੰਦਰ ਸਿੰਘ ਢਿੱਲੋਂ ਵਾਸੀ ਜੰਡਵਾਲਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਰਣਦੀਪ ਕੌਰ ਰੂਬੀ ਨਾਲ ਰੇਂਜ ਰੋਵਰ (ਸੀਐੱਚ01-ਏਵੀ 1778) ਰਾਹੀਂ ਬਠਿੰਡਾ ਤੋਂ ਆਪਣੇ ਪਿੰਡ ਜੰਡਵਾਲਾ ਨੂੰ ਜਾ ਰਹੇ ਸਨ। ਜਦੋਂ ਉਹ ਗਿੱਦੜਬਾਹਾ ਦੇ ਭਾਰੂ ਚੌਂਕ ਫਲਾਈਓਵਰ ਨੂੰ ਕ੍ਰਾਸ ਕਰਕੇ ਹੁਸਨਰ ਚੌਂਕ ਫਲਾਈਓਵਰ ਦੇ ਨਜਦੀਕ ਪੁੱਜੇ ਤਾਂ ਉਨ੍ਹਾਂ ਦੀ ਕਾਰ ਵਿਚੋਂ ਸ਼ੂੰ-ਸ਼ੂੰ ਦੀ ਆਵਾਜ਼ ਆਈ, ਜਿਸ ’ਤੇ ਉਨ੍ਹਾਂ ਵੱਲੋਂ ਕਾਰ ਦੇ ਪੈਡਲ ਬ੍ਰੇਕ ਲਗਾਉਣ ਤੇ ਬ੍ਰੇਕ ਨੇ ਕੰਮ ਨਾ ਕੀਤਾ ਅਤੇ ਇਸੇ ਦੌਰਾਨ ਹੀ ਕਾਰ ਦਾ ਸਟੇਅਰਿੰਗ ਵੀ ਕੰਮ ਛੱਡ ਗਿਆ। ਕਾਰ ਦੀ ਰਫਤਾਰ ਘੱਟ ਹੋਣ ਕਾਰਨ ਉਨ੍ਹਾਂ ਤੁਰੰਤ ਹੈਂਡ ਬ੍ਰੇਕ ਲਗਾਈ, ਜਿਸ ਨਾਲ ਕਾਰ ਰੁੱਕ ਗਈ। ਇਸੇ ਦੌਰਾਨ ਕਾਰ ਅੰਦਰ ਧੂੰਆਂ ਆਉਣ ਲੱਗਾ, ਜਿਸ ’ਤੇ ਉਹ ਅਤੇ ਉਨ੍ਹਾਂ ਦੀ ਪਤਨੀ ਕਾਰ ਵਿਚੋਂ ਬਾਹਰ ਆਏ ਤਾਂ ਦੇਖਦਿਆਂ ਹੀ ਦੇਖਦਿਆਂ ਕਾਰ ਦੇ ਅਗਲੇ ਹਿੱਸੇ ਵਿਚ ਅੱਗ ਫੈਲ ਗਈ। ਉਨ੍ਹਾਂ ਦੱਸਿਆ ਕਿ ਕਾਰ ਵਿਚ ਉਨ੍ਹਾਂ ਦੀ ਨਗਦੀ ਅਤੇ ਕਾਗਜਾਤ ਵੀ ਸਨ, ਜਿੰਨਾਂ ਨੂੰ ਮੌਕੇ ’ਤੇ ਮੌਜੂਦ ਇਕ ਨੌਜਵਾਨ ਨੇ ਸੁਰੱਖਿਅਤ ਬਾਹਰ ਕੱਢ ਲਿਆਂਦਾ। ਉਧਰ ਕਾਰ ਨੂੰ ਅੱਗ ਲਗਣ ਦੀ ਸੂਚਨਾ ਮਿਲਣ ਦੇ ਫਾਇਰ ਬ੍ਰਿਗੇਡ ਮੌਕੇ ’ਤੇ ਪੁੱਜੀ ਅਤੇ ਉਨ੍ਹਾਂ ਅੱਗ ’ਤੇ ਕਾਬੂ ਪਾਇਆ। ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਕਿਸ ਪ੍ਰਕਾਰ ਲੱਗੀ ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ।