ਮਲੋਟ ਨਗਰ ਕੌਂਸਲ ਚੋਣਾਂ ਦੌਰਾਨ ਗਰਮਾਇਆ ਮਾਹੌਲ
-ਮਲੋਟ ਨਗਰ ਕੌਂਸਲ ਚੋਣਾਂ-
Publish Date: Tue, 26 May 2026 05:09 PM (IST)
Updated Date: Tue, 26 May 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਸ਼ਹਿਰ ਦੇ 27 ਵਾਰਡਾਂ ’ਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੁਝ ਵਾਰਡਾਂ ’ਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਲੜਾਈ ਝਗੜੇ ’ਚ ਤਬਦੀਲ ਹੁੰਦੀ ਨਜ਼ਰ ਆਈ। ਸ਼ਹਿਰ ਦੇ ਜ਼ਿਆਦਾਤਰ ਵਾਰਡਾਂ ’ਚ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਰਹੀ, ਪਰ ਵਾਰਡ ਨੰਬਰ 23 ’ਚ ਸਥਿਤੀ ਕਾਫੀ ਭੱਖ ਗਈ। ਮੌਕੇ ਤੇ ਪਹੁੰਚੀ ਪੁਲਿਸ ਫੋਰਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਅਭਿਮਨਿਊ ਰਾਣਾ ਵੀ ਮੌਕੇ ’ਤੇ ਪਹੁੰਚੇ। ਵਾਰਡ 23 : ਮੰਡੀ ਹਰਜੀ ਰਾਮ ਵਿਖੇ ਉਮੀਦਵਾਰਾਂ ਦੇ ਪਤੀ ਹੋਏ ਆਹਮੋ-ਸਾਹਮਣੇ ਮਲੋਟ ਦੀ ਮੰਡੀ ਹਰਜੀ ਰਾਮ ਵਿਖੇ ਸਥਿਤ ਵਾਰਡ ਨੰਬਰ 23 ਦੇ ਬੂਥ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਾਰਿਕਾ ਗਰਗ ਦੇ ਪਤੀ ਜੋਨੀ ਗਰਗ ਅਤੇ ਆਜ਼ਾਦ ਉਮੀਦਵਾਰ ਸੁਸ਼ੀਲਾ ਗਰਗ ਦੇ ਪਤੀ ਟਿੰਕਾ ਗਰਗ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਨੇ ਇੱਕ-ਦੂਜੇ ਉੱਪਰ ਧੱਕੇਸ਼ਾਹੀ ਕਰਨ ਅਤੇ ਬਾਹਰੋਂ ਬੰਦੇ ਲਿਆਉਣ ਦੇ ਗੰਭੀਰ ਆਰੋਪ ਲਗਾਏ। ਇਹ ਬਹਿਸਬਾਜ਼ੀ ਦੇਖਦਿਆਂ ਹੀ ਦੇਖਦਿਆਂ ਗਰਮਾ-ਗਰਮੀ ’ਚ ਬਦਲ ਗਈ। ਇੱਕ ਵਾਰ ਤਾਂ ਇੰਜ ਲੱਗ ਰਿਹਾ ਸੀ ਕਿ ਹੁਣੇ ਹੀ ਲੜਾਈ ਝਗੜਾ ਹੋ ਜਾਵੇਗਾ। ਇਸ ਬਾਰੇ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸਐੱਚਓ ਅਤੇ ਡੀਐੱਸਪੀ ਨੇ ਭਾਰੀ ਪੁਲਿਸ ਬਲ ਸਮੇਤ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਵਾਰਡ ਨੰਬਰ 24: ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਵਿਰੋਧੀਆਂ ਵਿਚਾਲੇ ਤਨਾ-ਤਨੀ ਇਸੇ ਤਰ੍ਹਾਂ ਵਾਰਡ ਨੰਬਰ 24 ’ਚ ਵੀ ਮਾਹੌਲ ਤਣਾਅਪੂਰਨ ਦੇਖਣ ਨੂੰ ਮਿਲਿਆ। ਇੱਥੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਤੇ ਉਨ੍ਹਾਂ ਦੇ ਵਿਰੋਧੀਆਂ ਨੇ ਧੱਕੇ ਨਾਲ ਵੋਟਾਂ ਪੁਆਉਣ ਦੇ ਆਰੋਪ ਲਗਾਏ। ਦੂਜੇ ਪਾਸੇ, ਸ਼ੁਭਦੀਪ ਸਿੰਘ ਬਿੱਟੂ ਨੇ ਇਨ੍ਹਾਂ ਆਰੋਪਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਉਲਟਾ ਮੌਜੂਦਾ ਸਰਕਾਰ ਤੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਦਾ ਪਲਟਵਾਰ ਕੀਤਾ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਾਂਗਰਸ ਤੇ ਵਿਨਿਆ ਨਿਸ਼ਾਨਾ ਵਾਰਡ ਨੰਬਰ 23 ਦੇ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕਾ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੌਕੇ ਤੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਵਿਰੋਧੀ ਧਿਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਵਾਲੇ ਜਾਣ-ਬੁੱਝ ਕੇ ਲੜਾਈ-ਝਗੜੇ ਦੀ ਮਨਸ਼ਾ ਨਾਲ ਮਾਹੌਲ ਖ਼ਰਾਬ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸੂਬੇ ’ਚ ਸਰਕਾਰ ਤੁਹਾਡੀ ਹੈ ਤਾਂ ਮਾਹੌਲ ਕਿਵੇਂ ਖ਼ਰਾਬ ਹੋ ਸਕਦਾ ਹੈ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਲੜਾਈ-ਝਗੜਾ ਕਰਨਾ ਅਤੇ ਚੋਣਾਂ ਦੌਰਾਨ ਮਾਹੌਲ ਵਿਗਾੜਨਾ ਕਾਂਗਰਸ ਅਤੇ ਹੋਰ ਦੂਜੀਆਂ ਪਾਰਟੀਆਂ ਦਾ ਪੁਰਾਣਾ ਇਤਿਹਾਸ ਰਿਹਾ ਹੈ। ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਐੱਸਐੱਸਪੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਾਰਡ ਨੰਬਰ 23 ਵਿਖੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਅਭਿਮਨਿਊ ਰਾਣਾ ਪੋਲਿੰਗ ਬੂਥਾਂ ਤੇ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕੀਤਾ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਨੇ ਕਿਹਾ ਪੁਲਿਸ ਹਰ ਹਰਕਤ ’ਤੇ ਪੂਰੀ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਵੀ ਕੀਮਤ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣਾਂ ’ਚ ਖਲਲ ਪਾਉਣ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸਐੱਸਪੀ ਨੇ ਸ਼ਹਿਰ ਵਾਸੀਆਂ ਨੂੰ ਬਿਨਾਂ ਕਿਸੇ ਡਰ-ਭੈਅ ਦੇ ਵੱਧ-ਚੜ੍ਹ ਕੇ ਅੱਗੇ ਆਉਣ ਅਤੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।