- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਉਹ ਮਗਰ ਭੱਜੀ ਤਾਂ ਦੇਖਿਆ ਕਿ ਹਰਦੀਪ ਸਿੰਘ ਦੇ ਖੇਤਾਂ ’ਚ ਉਸਦੇ ਲੜਕੇ ਅਤੇ ਦੂਜੇ ਨੌਜਵਾਨ ਸੰਦੀਪ ਸਿੰਘ ਉਰਫ਼ ਸੀਪਾ ਨੂੰ ਕੱਪੜਿਆਂ ਤੋਂ ਬਗੈਰ (ਨੰਗਾ ਕਰਕੇ) ਲੱਤਾਂ-ਬਾਹਾਂ ਬੰਨ੍ਹ ਕੇ ਲੰਮਾ ਪਾਇਆ ਹੋਇਆ ਸੀ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮੁਕਤਸਰ ਜ਼ਿਲ੍ਹੇ ਦੇ ਮਲੋਟ ਅਧੀਨ ਪੈਂਦੇ ਪਿੰਡ ਝੋਰੜ ਵਿਖੇ ਮੋਬਾਈਲ ਖੋਹਣ ਦੇ ਆਰੋਪ ’ਚ ਅਨੁਸੂਚਿਤ ਜਾਤੀ (ਐੱਸਸੀ) ਨਾਲ ਸਬੰਧਤ ਦੋ ਨੌਜਵਾਨਾਂ ਨੂੰ ਨੰਗਾ ਕਰਕੇ, ਬੇਰਹਿਮੀ ਨਾਲ ਕੁੱਟਣ ਅਤੇ ਉਨ੍ਹਾਂ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਥਾਣਾ ਸਦਰ ਮਲੋਟ ਦੀ ਪੁਲਿਸ ਨੇ 4 ਨਾਮਜ਼ਦ ਅਤੇ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਸਸੀ ਐਕਟ ਅਤੇ ਭਾਰਤੀ ਨਿਆਏ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਲੰਘੀ 6 ਜੂਨ ਨੂੰ ਪਿੰਡ ਝੋਰੜ ਤੋਂ ਰਾਮਗੜ੍ਹ ਰੋਡ ’ਤੇ ਨੇਪਾਲ ਦੇ ਰਹਿਣ ਵਾਲੇ ਇੱਕ ਪ੍ਰਵਾਸੀ ਵਿਅਕਤੀ ਵਰਿੰਦਰ ਸਹਾਨੀ ਹਾਲ ਅਬਾਦ ਪਿੰਡ ਝੋਰੜ ਕੋਲੋਂ ਦੋ ਮੋਟਰਸਾਈਕਲ ਸਵਾਰਾਂ ਨੇ 'ਰੈੱਡਮੀ' ਕੰਪਨੀ ਦਾ ਮੋਬਾਈਲ ਫ਼ੋਨ ਖੋਹ ਲਿਆ ਸੀ। ਖੇਤਾਂ ’ਚ ਕੰਮ ਕਰਦੇ ਅਵਤਾਰ ਸਿੰਘ ਨਾਮਕ ਵਿਅਕਤੀ ਨੇ ਖੋਹ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਗੁਰਵਿੰਦਰਪਾਲ ਸਿੰਘ ਉਰਫ਼ ਬੱਗਾ ਅਤੇ ਸੰਦੀਪ ਕੁਮਾਰ ਉਰਫ਼ ਸੀਪਾ (ਦੋਵੇਂ ਨਿਵਾਸੀ ਪਿੰਡ ਝੋਰੜ) ਵਜੋਂ ਕੀਤੀ ਸੀ। ਇਸ ਸਬੰਧੀ ਥਾਣਾ ਸਦਰ ਮਲੋਟ ਵਿਖੇ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਐੱਸਪੀ ਨੇ ਦੱਸਿਆ ਕਿ ਇਸੇ ਖ਼ੋਰ੍ਹ ’ਚ ਪਿੰਡ ਦੇ ਕੁਝ ਵਿਅਕਤੀਆਂ ਨੇ ਕਾਨੂੰਨ ਆਪਣੇ ਹੱਥ ’ਚ ਲੈ ਲਿਆ। ਗੁਰਵਿੰਦਰਪਾਲ ਸਿੰਘ ਉਰਫ਼ ਬੱਗਾ ਦੀ ਮਾਤਾ ਜਸਪਾਲ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 6 ਜੂਨ ਨੂੰ ਦੁਪਹਿਰ ਵੇਲੇ ਉਸਦਾ ਲੜਕਾ ਘਰ ਸੁੱਤਾ ਪਿਆ ਸੀ। ਇਸ ਦੌਰਾਨ ਪਿੰਡ ਦੇ ਹੀ ਹਰਦੀਪ ਸਿੰਘ, ਅਵਤਾਰ ਸਿੰਘ, ਰਿੰਪਾ ਸਿੰਘ, ਮਨਪ੍ਰੀਤ ਸਿੰਘ ਉਰਫ਼ ਬਿੱਲਾ ਅਤੇ ਉਨ੍ਹਾਂ ਦੇ ਨਾਲ 7 ਅਣਪਛਾਤੇ ਵਿਅਕਤੀ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਜਬਰੀ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਗਏ। ਜਸਪਾਲ ਕੌਰ ਮੁਤਾਬਕ ਉਕਤ ਲੋਕਾਂ ਨੇ ਉਨ੍ਹਾਂ ਦੇ ਘਰ ਆ ਕੇ ਜਾਤੀ ਸੂਚਕ ਸ਼ਬਦ ਬੋਲੇ, ਉਸਦੀ ਬਾਂਹ ਮਰੋੜੀ ਅਤੇ ਉਸਦੇ ਪੁੱਤਰ ਗੁਰਵਿੰਦਰਪਾਲ ਦੀਆਂ ਬਾਹਾਂ ਬੰਨ੍ਹ ਕੇ ਮੋਟਰਸਾਈਕਲ ’ਤੇ ਲੈ ਗਏ।
ਜਦੋਂ ਉਹ ਮਗਰ ਭੱਜੀ ਤਾਂ ਦੇਖਿਆ ਕਿ ਹਰਦੀਪ ਸਿੰਘ ਦੇ ਖੇਤਾਂ ’ਚ ਉਸਦੇ ਲੜਕੇ ਅਤੇ ਦੂਜੇ ਨੌਜਵਾਨ ਸੰਦੀਪ ਸਿੰਘ ਉਰਫ਼ ਸੀਪਾ ਨੂੰ ਕੱਪੜਿਆਂ ਤੋਂ ਬਗੈਰ (ਨੰਗਾ ਕਰਕੇ) ਲੱਤਾਂ-ਬਾਹਾਂ ਬੰਨ੍ਹ ਕੇ ਲੰਮਾ ਪਾਇਆ ਹੋਇਆ ਸੀ। ਮੁਲਜ਼ਮਾਂ ਨੇ ਦੋਵਾਂ ਨੌਜਵਾਨਾਂ ਦਾ ਸਰੀਰਕ ਸ਼ੋਸ਼ਣ ਕੀਤਾ, ਸੱਟਾਂ ਮਾਰੀਆਂ ਅਤੇ ਰੱਸਿਆਂ ਨਾਲ ਬੰਨ੍ਹ ਕੇ ਵਾਹਨ ਪਿੱਛੇ ਖੇਤਾਂ ਵਿੱਚ ਘਸੀਟਿਆ। ਇਸ ਅਣਮਨੁੱਖੀ ਕਾਰੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕਰ ਦਿੱਤੀ ਗਈ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਅਤੇ ਪੀੜਤ ਦੀ ਮਾਤਾ ਜਸਪਾਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਮਲੋਟ ਵਿਖੇ ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ, ਅਵਤਾਰ ਸਿੰਘ ਪੁੱਤਰ ਮੱਘਰ ਸਿੰਘ, ਰਿੰਪਾ ਸਿੰਘ ਪੁੱਤਰ ਧਰਮ ਸਿੰਘ, ਮਨਪ੍ਰੀਤ ਸਿੰਘ ਉਰਫ਼ ਬਿੱਲਾ ਪੁੱਤਰ ਗੇਜਾ ਸਿੰਘ ਵਾਸੀਆਨ ਪਿੰਡ ਝੋਰੜ ਅਤੇ 07 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 332(C), 115(2), 126(2), 351(2), 191(3), 190 ਅਤੇ ਐੱਸਸੀ/ਐੱਸਟੀ ਐਕਟ 1989 ਦੀ ਧਾਰਾ 3, 4 ਤਹਿਤ ਗੰਭੀਰ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਮੁਤਾਬਕ ਵੀਡੀਓ ਦੇ ਆਧਾਰ ’ਤੇ ਬਾਕੀ ਅਣਪਛਾਤੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਫਰਾਰ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ।