ਪੈਥੋਲੋਜਿਸਟ ਦੇ ਹੁੰਦਿਆਂ ਹੱਡੀਆਂ ਵਾਲਾ ਡਾਕਟਰ ਕਰ ਰਿਹੈ ‘ਡੋਪ ਟੈਸਟ’
ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ’ਚ ਵੱਡੀ ਲਾਪਰਵਾਹੀ, ਸਵਾਲਾਂ ਦੇ ਘੇਰੇ ’ਚ ਡੋਪ ਟੈਸਟ
Publish Date: Sat, 09 May 2026 04:23 PM (IST)
Updated Date: Sat, 09 May 2026 04:26 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ। ਤਾਜ਼ਾ ਮਾਮਲੇ ਵਿੱਚ ਹਸਪਤਾਲ ਪ੍ਰਬੰਧਨ ਦੀ ਇੱਕ ਵੱਡੀ ਗੜਬੜੀ ਸਾਹਮਣੇ ਆਈ ਹੈ, ਜਿੱਥੇ ਮਾਹਰ ਪੈਥੋਲੋਜਿਸਟ ਡਾਕਟਰ ਦੀ ਮੌਜੂਦਗੀ ਦੇ ਬਾਵਜੂਦ, ਡੋਪ ਟੈਸਟ ਕਰਨ ਦੀ ਜ਼ਿੰਮੇਵਾਰੀ ਹੱਡੀਆਂ ਦੇ ਮਾਹਰ (ਆਰਥੋਪੈਡਿਕ) ਡਾਕਟਰ ਵੱਲੋਂ ਨਿਭਾਈ ਜਾ ਰਹੀ ਹੈ। ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਇਹ ਪ੍ਰਕਿਰਿਆ ਹੁਣ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਪੰਜਾਬ ਸਿਹਤ ਵਿਭਾਗ ਵੱਲੋਂ ਸਪੱਸ਼ਟ ਗਾਈਡਲਾਈਨਜ਼ ਅਨੁਸਾਰ, ਡੋਪ ਟੈਸਟ ਵਰਗੀ ਸੰਵੇਦਨਸ਼ੀਲ ਜਾਂਚ ਸਿਰਫ ਇੱਕ ਮਾਹਿਰ ਪੈਥੋਲੋਜਿਸਟ ਦੀ ਨਿਗਰਾਨੀ ਹੇਠ ਹੀ ਕੀਤੀ ਜਾ ਸਕਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਹੱਡੀਆਂ ਦੇ ਡਾਕਟਰ ਕੋਲ ਲੈਬਾਰਟਰੀ ਟੈਸਟਾਂ ਅਤੇ ਉਨ੍ਹਾਂ ਦੀਆਂ ਬਾਰੀਕੀਆਂ ਬਾਰੇ ਉਹ ਤਕਨੀਕੀ ਮੁਹਾਰਤ ਨਹੀਂ ਹੁੰਦੀ ਜੋ ਇੱਕ ਪੈਥੋਲੋਜਿਸਟ ਕੋਲ ਹੁੰਦੀ ਹੈ। ਅਜਿਹੇ ਵਿੱਚ ਦੂਜੇ ਵਿਭਾਗ ਦੇ ਡਾਕਟਰ ਤੋਂ ਇਹ ਟੈਸਟ ਕਰਵਾਉਣਾ ਸਰਕਾਰੀ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਹਸਪਤਾਲ ਵਿੱਚ ਪੈਥੋਲੋਜਿਸਟ ਮੌਜੂਦ ਹੋਣ ਦੇ ਬਾਵਜੂਦ ਕਿਸੇ ਹੋਰ ਡਾਕਟਰ ਨੂੰ ਇਹ ਕੰਮ ਸੌਂਪਣਾ ਕਿਸੇ ਕਥਿਤ ਮਿਲੀਭੁਗਤ ਜਾਂ ਵੱਡੀ ਘਪਲੇਬਾਜ਼ੀ ਵੱਲ ਇਸ਼ਾਰਾ ਕਰਦਾ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਸੇ ਖਾਸ ਮਕਸਦ ਜਾਂ ਨਿੱਜੀ ਫਾਇਦੇ ਲਈ ਟੈਸਟਾਂ ਦੀ ਰਿਪੋਰਟਿੰਗ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ। ਇਸ ਗੰਭੀਰ ਮਾਮਲੇ ਨੂੰ ਲੈ ਕੇ ਹੁਣ ਮੰਗ ਉੱਠ ਰਹੀ ਹੈ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਇਸ ਦੀ ਤੁਰੰਤ ਜਾਂਚ ਕਰਵਾਉਣ। ਇਹ ਪਤਾ ਲਗਾਇਆ ਜਾਣਾ ਜ਼ਰੂਰੀ ਹੈ ਕਿ ਕਿਸ ਦੇ ਆਦੇਸ਼ਾਂ ਤੇ ਨਿਯਮਾਂ ਦੇ ਉਲਟ ਜਾ ਕੇ ਹੱਡੀਆਂ ਵਾਲੇ ਡਾਕਟਰ ਤੋਂ ਇਹ ਡਿਊਟੀ ਕਰਵਾਈ ਜਾ ਰਹੀ ਹੈ। ਉਧਰ ਇਸ ਸਬੰਧੀ ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਸਬੰਧਤ ਐਸਐਮਓ (SMO) ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਡੋਪ ਟੈਸਟ ਦੀ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਮੁਕੰਮਲ ਕਰਨ ਲਈ ਕਿਸੇ ਮਾਹਰ ਪੈਥਾਲੋਜਿਸਟ ਜਾਂ ਸਮਰੱਥ ਡਾਕਟਰ ਦੀ ਤੁਰੰਤ ਡਿਊਟੀ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।