ਗੈਰ ਕਾਨੂੰਨੀ ਤਰੀਕੇ ਨਾਲ ਸੀਮਨ ਵੇਚਣ ਤੇ ਲਿਜਾਣ ਦੇ ਮਾਮਲੇ ’ਚ ਵੱਡੀ ਕਾਰਵਾਈ
ਗੈਰ ਕਾਨੂੰਨੀ ਤਰੀਕੇ ਨਾਲ ਸੀਮਨ ਵੇਚਣ ਤੇ ਲਿਜਾਣ ਦੇ ਮਾਮਲੇ ’ਚ ਵੱਡੀ ਕਾਰਵਾਈ
Publish Date: Tue, 21 Apr 2026 07:08 PM (IST)
Updated Date: Tue, 21 Apr 2026 07:10 PM (IST)

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ/ਦੋਦਾ : ਪਸ਼ੂ ਪਾਲਣ ਵਿਭਾਗ ਮੁਕਤਸਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸੀਮਨ ਵੇਚਣ ਤੇ ਲਿਜਾਣ ਦੇ ਮਾਮਲੇ ’ਚ ਵੱਡੀ ਕਾਰਵਾਈ ਕਰਦਿਆਂ ਇੱਕ ਗੱਡੀ ਸਮੇਤ ਵੱਡੀ ਮਾਤਰਾ ’ਚ ਸਮਾਨ ਕਬਜ਼ੇ ’ਚ ਲਿਆ ਗਿਆ ਹੈ। ਡਿਪਟੀ ਡਾਇਰੈਕਟਰ ਗੁਰਦਿੱਤ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਜਾਂਚ ਦੌਰਾਨ ਸ਼ੱਕ ਦੇ ਆਧਾਰ ’ਤੇ ਗੱਡੀ ਨੰਬਰ PB03-BM-8099 ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਗੱਡੀ ’ਚੋਂ ਸੀਮਨ ਦੇ ਤਿੰਨ ਕੈਂਟੇਨਰ (ਹਰ ਇੱਕ 10 ਲੀਟਰ) ਬਰਾਮਦ ਕੀਤੇ ਗਏ ਜੋ ਬਿਨਾਂ ਕਿਸੇ ਲਾਇਸੈਂਸ ਜਾਂ ਸਰਕਾਰੀ ਮਨਜ਼ੂਰੀ ਦੇ ਲਿਜਾਏ ਜਾ ਰਹੇ ਸਨ। ਇਸ ਤੋਂ ਬਾਅਦ ਟੀਮ ਵੱਲੋਂ ਪਿੰਡ ਦੋਦਾ (ਜ਼ਿਲ੍ਹਾ ਮੁਕਤਸਰ) ’ਚ ਛਾਪੇਮਾਰੀ ਕੀਤੀ ਗਈ ਜਿੱਥੇ ਇਸ ਗੈਰ ਕਾਨੂੰਨੀ ਗਤੀਵਿਧੀ ਨਾਲ ਜੁੜੇ ਸਥਾਨ ਦੀ ਪੁਸ਼ਟੀ ਹੋਈ। ਉੱਥੋਂ ਵੀ ਸਬੰਧਿਤ ਸਮੱਗਰੀ ਬਰਾਮਦ ਕਰਕੇ ਗੱਡੀ ਸਮੇਤ ਕਬਜ਼ੇ ’ਚ ਲੈ ਲਈ ਗਈ। ਜਾਂਚ ਦੌਰਾਨ ਸਬੰਧਿਤ ਵਿਅਕਤੀਆਂ ਵੱਲੋਂ ਕੋਈ ਵੀ ਵੈਧ ਦਸਤਾਵੇਜ਼ ਜਾਂ ਅਧਿਕਾਰ ਪੱਤਰ ਪੇਸ਼ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਕਾਰਵਾਈ ਪਸ਼ੂਆਂ ਦੀ ਨਸਲ ਸੁਧਾਰ ਪ੍ਰਣਾਲੀ ਲਈ ਖਤਰਾ ਹੈ ਤੇ ਇਹ ਸਰਕਾਰੀ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ। ਡਿਪਟੀ ਡਾਇਰੈਕਟਰ ਗੁਰਦਿੱਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੱਡੀ ਤੇ ਬਰਾਮਦ ਕੀਤਾ ਗਿਆ ਸੀਮਨ ਕਬਜ਼ੇ ’ਚ ਲੈ ਲਿਆ ਗਿਆ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾਂ ਤੇ ਏਆਈ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਰਫ਼ ਅਧਿਕ੍ਰਿਤ ਕੇਂਦਰਾਂ ਤੋਂ ਹੀ ਸੀਮਨ ਖਰੀਦਣ ਤੇ ਕਿਸੇ ਵੀ ਸ਼ੱਕੀ ਜਾਂ ਗੈਰ ਕਾਨੂੰਨੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਵਿਭਾਗ ਨੂੰ ਦੇਣ।