ਫੱਤਣਵਾਲਾ ਨਿਵਾਸ ਪੁੱਜੇ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ
ਫੱਤਣਵਾਲਾ ਨਿਵਾਸ ਪੁੱਜੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ
Publish Date: Mon, 04 May 2026 05:19 PM (IST)
Updated Date: Mon, 04 May 2026 05:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅੱਜ 40 ਮੁਕਤਿਆਂ ਦੀ ਯਾਦ ’ਚ ਕਰਵਾਏ ਗਏ ਸਮਾਰੋਹ ਦੌਰਾਨ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼ਹੀਦਾਂ ਨੂੰ ਨਮਨ ਕੀਤਾ। ਉਪਰੰਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਟਕਪੂਰਾ ਰੋਡ ਸਥਿੱਤ ਸ਼ੋ੍ਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਦੇ ਗ੍ਰਹਿ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਫੱਤਣਵਾਲਾ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਵੱਲੋਂ ਪੰਥ ਦੀ ਕੀਤੀ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਸਭ ਤੋਂ ਵੱਡੇ ਧਰਮ ਯੁੱਧ ਮੋਰਚੇ ’ਚ ਸਭ ਤੋਂ ਵੱਡਾ ਜੱਥਾ ਲੈ ਕੇ ਜਾਣ ਵਾਲੇ ਮਰਹੂਮ ਸ. ਹਰਚੰਦ ਸਿੰਘ ਬਰਾੜ ਫੱਤਣਵਾਲਾ ਸਾਬਕਾ ਵਿਧਾਇਕ ਦੀ ਪੰਥ ਪ੍ਰਤੀ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਉਨ੍ਹਾਂ ਨੇ ਉਸ ਸਮੇਂ ਗ੍ਰਿਫਤਾਰੀਆਂ ਦੇ ਕੇ ਕੁਝ ਸਮਾਂ ਨਾਭਾ ਜੇਲ੍ਹ ’ਚ ਬਿਤਾਇਆ। ਧਾਮੀ ਨੇ ਕਿਹਾ ਕਿ 40 ਮੁਕਤਿਆਂ ਦੀ ਸ਼ਹਾਦਤ ਸਿੱਖ ਇਤਿਹਾਸ ’ਚ ਵਿਸ਼ੇਸ਼ ਸਥਾਨ ਰੱਖਦੀ ਹੈ ਅਤੇ ਸਾਨੂੰ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਨ ਵਾਲਿਆਂ ਦੀ ਯਾਦ ਸਦਾ ਕਾਇਮ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਵਣਵਾਲਾ ਮੈਂਬਰ ਧਰਮ ਪ੍ਰਚਾਰਕ ਕਮੇਟੀ, ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜ਼ਰ ਨਿਰਮਲਜੀਤ ਸਿੰਘ, ਜਥੇਦਾਰ ਸੁਮੇਰ ਸਿੰਘ, ਰਘੁਬੀਰ ਸਿੰਘ ਮੈਬਰ ਐਸਜੀਪੀਸੀ, ਭਾਈ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਮਨਜੀਤ ਸਿੰਘ ਫੱਤਣਵਾਲਾ ਸਾਬਕਾ ਚੇਅਰਮੈਨ, ਗੁਰਵਿੰਦਰ ਸਿੰਘ ਬੱਬੂ ਤੋਂ ਇਲਾਵਾ ਹੋਰ ਵੀ ਗੁਰੂਘਰ ਦੇ ਸੇਵਾਦਾਰ ਮੌਜੂਦ ਸਨ।