ਗਊ ਵੰਸ਼ ਦੀ ਸੁਰੱਖਿਆ ਏਡੀਸੀ ਨੂੰ ਸੌਂਪਿਆ ਮੰਗ ਪੱਤਰ
ਗਊ ਸਨਮਾਨ ਆਹਵਾਨ ਅਭਿਆਨ ਵੱਲੋਂ ਗਊ ਵੰਸ਼ ਦੀ ਸੁਰੱਖਿਆ ਏਡੀਸੀ ਨੂੰ ਸੌਂਪਿਆ ਮੰਗ ਪੱਤਰ
Publish Date: Mon, 27 Apr 2026 06:23 PM (IST)
Updated Date: Mon, 27 Apr 2026 06:25 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗਊ ਸਨਮਾਨ ਆਹਵਾਨ ਅਭਿਆਨ ਵੱਲੋਂ ਗਊ ਵੰਸ਼ ਦੀ ਸੁਰੱਖਿਆ ਲਈ ਇੱਕ ਮੰਗ ਪੱਤਰ ਏਡੀਸੀ ਸ੍ਰੀ ਮੁਕਤਸਰ ਸਾਹਿਬ ਨੂੰ ਸੌਂਪਿਆ ਗਿਆ। ਇਸ ਮੌਕੇ ਸੰਤ ਸਮਾਜ, ਗਊ ਸੇਵਕਾਂ ਅਤੇ ਸੂਬੇ ਦੇ ਨਾਗਰਿਕਾਂ ਨੇ ਸਰਕਾਰ ਨੂੰ ਗਊ ਵੰਸ਼ ਨੂੰ ਕੇਵਲ ‘ਦਇਆ’ ਦਾ ਪਾਤਰ ਨਾ ਸਮਝ ਕੇ ਰਾਜ ਦੀ ਸੰਪਤੀ ਅਤੇ ਗ੍ਰਾਮੀਣ ਵਿਕਾਸ ਦਾ ਇੰਜਣ ਮੰਨਣ ਦੀ ਅਪੀਲ ਕੀਤੀ। ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਸੰਵਿਧਾਨ ਦੀ ਧਾਰਾ 48 ’ਚ ਸੋਧ ਕਰਕੇ ਦੇਸ਼ ’ਚ ਗਊ ਹੱਤਿਆ ਤੇ ਪੂਰਨ ਪਾਬੰਦੀ ਲਗਾਉਣ ਅਤੇ ‘ਕੇਂਦਰੀ ਗਊ ਸੇਵਾ ਅਤੇ ਸੰਰਖਣ ਅਧਿਨਿਯਮ’ ਲਾਗੂ ਕਰਨ ਕੀਤਾ ਜਾਵੇ, ਦੇਸੀ ਗਊ ਵੰਸ਼ ਨੂੰ ‘ਰਾਸ਼ਟਰ ਮਾਤਾ ਜਾਂ ‘ਰਾਸ਼ਟਰ ਆਰਾਧਿਆ’ ਵਜੋਂ ਸੰਵਿਧਾਨਕ ਮਾਨਤਾ ਦਿੱਤੀ ਜਾਵੇ, ਗਊ ਤਸਕਰੀ ਅਤੇ ਗਊ ਹੱਤਿਆ ਨੂੰ ਗੈਰ-ਜ਼ਮਾਨਤੀ ਅਪਰਾਧ ਦੀ ਸ੍ਰੇਣੀ ’ਚ ਰੱਖ ਕੇ ਦੋਸ਼ੀਆਂ ਦੀ ਸੰਪਤੀ ਕੁਰਕ ਕਰਨ ਅਤੇ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਦਿੱਤੀ ਜਾਣ, ਪੰਚਗਵਿਆ (ਗੋਬਰ-ਮੂਤਰ) ਖੋਜ ਨੂੰ ਉਤਸ਼ਾਹਿਤ ਕਰਨ ਅਤੇ ਜ਼ੀਰੋ ਬਜਟ ਕੁਦਰਤੀ ਖੇਤੀ (ZBNF) ਰਾਹੀਂ ਕਿਸਾਨਾਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਜਾਵੇ, ਹਰ ਗ੍ਰਾਮ ਪੰਚਾਇਤ ਪੱਧਰ ਤੇ ‘ਨੰਦੀਸ਼ਾਲਾ’ ਅਤੇ ਜ਼ਿਲ੍ਹਾ ਪੱਧਰ ਤੇ ‘ਆਦਰਸ਼ ਗਊ ਅਭਿਆਰਣ’ ਸਥਾਪਤ ਕੀਤਾ ਜਾਵੇ, ਰਾਜ ਮਾਰਗਾਂ ਤੇ ਹਰ 50-100 ਕਿਲੋਮੀਟਰ ਤੇ ‘ਗੋ-ਵਾਹਿਨੀ ਐਂਬੂਲੈਂਸ’ ਅਤੇ ਸਕੂਲੀ ਪਾਠਕ੍ਰਮ ਵਿੱਚ ‘ਗੋ-ਵਿਗਿਆਨ’ ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇ, ਚਾਰੇ ਦੇ ਉਦਯੋਗਿਕ ਉਪਯੋਗ ਤੇ ਪਾਬੰਦੀ ਲਗਾਉਣ ਅਤੇ ਗਊਆਂ ਦੇ ਚਰਨ ਲਈ ‘ਗੋਚਰ ਵਿਕਾਸ ਬੋਰਡ’ ਬਣਾ ਕੇ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਇਸ ਮੰਗ ਪੱਤਰ ਦੇ ਸਮਰਥਨ ’ਚ ਲਗਭਗ 5200 ਲੋਕਾਂ ਦੇ ਦਸਤਖਤ ਕਰਵਾਏ ਗਏ ਹਨ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਇਸ ਦਿਸ਼ਾ ਵਿੱਚ ਪ੍ਰਭਾਵੀ ਕਦਮ ਚੁੱਕੇਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੁਰੱਖਿਅਤ ਵਾਤਾਵਰਣ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਸੌਂਪੀ ਜਾ ਸਕੇ। ਇਸ ਮੌਕੇ ਪ੍ਰਭਾਰੀ ਗੋਸਵਾਮੀ ਮਾਨਕ ਬਾਵਾ, ਨਵੀਨ ਕੁਮਾਰ ਨਵੀ ਮੋਰਵਾਲ, ਵਿਕਰਾਂਤ ਤੇਰੀਆ, ਮੰਡਲ 01 ਪ੍ਰਧਾਨ ਪੂਜਾ ਕੱਕੜ, ਮੰਡਲ 2 ਪ੍ਰਧਾਨ ਹਰੀਸ਼ ਵਾਟਸ, ਮੰਡਲ 03 ਪ੍ਰਧਾਨ ਰਜਿੰਦਰ ਕੁਮਾਰ, ਗਊਸ਼ਾਲਾ ਦੇ ਪ੍ਰਧਾਨ ਅੰਮ੍ਰਿਤ ਖੁਰਾਣਾ, ਪ੍ਰਾਪਰਟੀ ਡੀਲਰ ਪ੍ਰਧਾਨ ਅਸ਼ੋਕ ਚੁੱਘ, ਇਕਬਾਲ ਸਿੰਘ, ਪੰਜਾਬ ਯੂਥ ਮਹਾਂਮੰਤਰੀ ਅਰਮਾਨਜੋਤ ਬੜਾੜ, ਕਪਿਲ ਧੂੜੀਆਂ, ਅੰਕਿਤ ਸ਼ਰਮਾ, ਰਾਜੇਸ਼ ਮਾਹੇਸ਼ਵਰੀ, ਬੀਰਬਲ ਸ਼ਰਮਾ ਅਤੇ ਕਈ ਗਊ ਭਗਤ ਮੌਜੂਦ ਸਨ।