ਬੇਸਹਾਰਾ ਪਸ਼ੂ ਦੇ ਕਾਰ ਨਾਲ ਟਕਰਾਉਣ ਕਾਰਨ ਦੋਦਾ ਹਾਦਸੇ ’ਚ ਉੱਜੜ ਗਿਆ ਪਰਿਵਾਰ, ਧੀ ਤੇ ਪਿਓ ਨੇ ਤੋੜਿਆ ਦਮ
ਬੱਚੀ ਨੇ ਵੀਰਵਾਰ ਤੇ ਪਿਤਾ ਅਮਨ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ। ਅਮਨ ਦੀ ਪਤਨੀ ਸ਼ਿਵਾਲੀ ਅਜੇ ਵੀ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਸ਼ੁੱਕਰਵਾਰ ਸ਼ਾਮ ਨੂੰ ਦੋਵਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਹੋਇਆ ਜਦੋਂ ਇਕ ਅਵਾਰਾ ਪਸ਼ੂ ਅਚਾਨਕ ਸੜਕ ’ਤੇ ਆ ਗਿਆ।
Publish Date: Sat, 06 Jun 2026 09:18 AM (IST)
Updated Date: Sat, 06 Jun 2026 09:21 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਮੁਕਤਸਰ-ਬਠਿੰਡਾ ਰਾਸ਼ਟਰੀ ਮਾਰਗ ’ਤੇ ਪਿੰਡ ਦੋਦਾ ਨੇੜੇ 3 ਜੂਨ ਨੂੰ ਵਾਪਰਿਆ ਸੜਕ ਹਾਦਸਾ ਇਕ ਪਰਿਵਾਰ ’ਤੇ ਕਹਿਰ ਬਣ ਕੇ ਟੁੱਟਿਆ। ਸੜਕ ’ਤੇ ਅਚਾਨਕ ਆਏ ਬੇਸਹਾਰਾ ਪਸ਼ੂ ਕਾਰਨ ਦੋ ਕਾਰਾਂ ਹਾਦਸਾਗ੍ਰਸਤ ਹੋ ਗਈਆਂ ਸਨ, ਜਿਸ ’ਚ ਮੁਕਤਸਰ ਵਾਸੀ ਇੱਕੋ ਪਰਿਵਾਰ ਦੇ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ। ਇਲਾਜ ਦੌਰਾਨ ਹੁਣ ਪਿਓ-ਧੀ ਦੀ ਮੌਤ ਹੋ ਗਈ ਹੈ, ਜਦਕਿ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਅਮਨ ਪੁੱਤਰ ਪਵਨ ਕੁਮਾਰ ਵਾਸੀ ਮੁਕਤਸਰ ਅਤੇ ਉਸ ਦੀ ਚਾਰ ਸਾਲ ਦੀ ਮਾਸੂਮ ਧੀ ਪ੍ਰਿਸ਼ਾ ਵਜੋਂ ਹੋਈ ਹੈ।
ਬੱਚੀ ਨੇ ਵੀਰਵਾਰ ਤੇ ਪਿਤਾ ਅਮਨ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ। ਅਮਨ ਦੀ ਪਤਨੀ ਸ਼ਿਵਾਲੀ ਅਜੇ ਵੀ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਸ਼ੁੱਕਰਵਾਰ ਸ਼ਾਮ ਨੂੰ ਦੋਵਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਹੋਇਆ ਜਦੋਂ ਇਕ ਅਵਾਰਾ ਪਸ਼ੂ ਅਚਾਨਕ ਸੜਕ ’ਤੇ ਆ ਗਿਆ। ਸਭ ਤੋਂ ਪਹਿਲਾਂ ਉਹ ਬਠਿੰਡਾ ਵਾਸੀ ਪ੍ਰਦੀਪ ਕੁਮਾਰ ਪੁੱਤਰ ਪ੍ਰਕਾਸ਼ ਚੰਦ ਦੀ ਸਵਿਫਟ ਕਾਰ ਨਾਲ ਟਕਰਾਇਆ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਤੋਂ ਤੁਰੰਤ ਬਾਅਦ ਓਹੀ ਪਸ਼ੂ ਅਮਨ ਦੀ ਕਾਰ ਨਾਲ ਜਾ ਟਕਰਾਇਆ। ਕਾਰ ’ਚ ਅਮਨ, ਪਤਨੀ ਸ਼ਿਵਾਲੀ ਤੇ ਧੀ ਪ੍ਰਿਸ਼ਾ ਸਵਾਰ ਸਨ। ਟੱਕਰ ਇੰਨੀ ਜ਼ੋਰਦਾਰ ਸੀ ਕਿ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ।
ਸਥਾਨਕ ਲੋਕਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਅਮਨ ਨੂੰ ਏਮਸ ਬਠਿੰਡਾ, ਸ਼ਿਵਾਲੀ ਨੂੰ ਸਿਵਲ ਹਸਪਤਾਲ ਮੁਕਤਸਰ ਤੇ ਪ੍ਰਿਸ਼ਾ ਨੂੰ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਤੇ ਪਰਿਵਾਰ ’ਚ ਮਾਤਮ ਪਸਰ ਗਿਆ ਹੈ।