ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਨਵਜੰਮੀ ਬੱਚੀ ਦਾ ਜਾਣਿਆ ਹਾਲ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਨਵਜੰਮੀ ਬੱਚੀ ਦਾ ਜਾਣਿਆ ਹਾਲ, ਬੋਲੇ- ‘ਪਹਿਲਾਂ ਜ਼ਿੰਦਗੀ ਬਚਾਓ’
Publish Date: Sun, 10 May 2026 05:01 PM (IST)
Updated Date: Sun, 10 May 2026 05:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਦੇ ਸਿਵਲ ਹਸਪਤਾਲ ’ਚ ਬੱਚਾ ਬਦਲਣ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਐਤਵਾਰ ਨੂੰ ਉਸ ਨਿੱਜੀ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਨਵਜੰਮੀ ਬੱਚੀ ਦਾ ਇਲਾਜ ਚੱਲ ਰਿਹਾ ਹੈ। ਮੰਤਰੀ ਨੇ ਹਸਪਤਾਲ ਪ੍ਰਬੰਧਕਾਂ ਤੋਂ ਬੱਚੀ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਨਵਜੰਮੇ ਦੀ ਜਾਨ ਬਚਾਉਣਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿਵਲ ਹਸਪਤਾਲ ’ਤੇ ਦੋਸ਼ ਲਾਉਣ ਵਾਲੇ ਛੋਟੂ ਰਾਮ ਨੇ ਕਿਹਾ ਸੀ ਕਿ ਉਨ੍ਹਾਂ ਦੇ ਘਰ ਬੇਟਾ ਪੈਦਾ ਹੋਇਆ ਸੀ, ਜਦਕਿ ਹਸਪਤਾਲ ਪ੍ਰਬੰਧਕਾਂ ਵੱਲੋਂ ਬੇਟੀ ਦੱਸੀ ਜਾ ਰਹੀ ਹੈ ਅਤੇ ਕਿਹਾ ਗਿਆ ਸੀ ਕਿ ਉਸ ਦੀ ਮੌਤ ਹੋ ਚੁੱਕੀ ਹੈ। ਪਰ ਬੱਚੀ ਜ਼ਿੰਦਾ ਹੈ ਅਤੇ ਇੱਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਸ ਦੌਰਾਨ ਐਤਵਾਰ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਹਸਪਤਾਲ ਪਹੁੰਚੀ ਅਤੇ ਦੋਸ਼ ਲਾਉਣ ਵਾਲੇ ਜੋੜੇ ਨਾਲ ਮਿਲ ਕੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ। ਸੱਤ ਦਿਨਾਂ ਦੀ ਨਵਜੰਮੀ ਨੂੰ ਵਾਰਸਾਂ ਦੀ ਉਡੀਕ ਪਿਛਲੇ ਸੋਮਵਾਰ ਨੂੰ ਜਨਮੀ ਇਸ ਬੱਚੀ ਦੀ ਹਾਲਤ ਅਜੇ ਨਾਜ਼ੁਕ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬੱਚੀ ਛੋਟੂ ਰਾਮ ਦੀ ਹੀ ਹੈ ਅਤੇ ਉਹ ਝੂਠੇ ਦੋਸ਼ ਲਗਾ ਰਹੇ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹੈ ਕਿ ਇੱਕ ਮਾਂ ਨੇ ਆਪਣੀ ਧੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਧੀਆਂ ਨੂੰ ਬਚਾਉਣ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਪਹਿਲਾਂ ਮਾਪਿਆਂ ਦੀ ਕਾਊਂਸਲਿੰਗ ਕੀਤੀ ਜਾਵੇ ਅਤੇ ਡੀਐਨਏ (DNA) ਟੈਸਟ ਦੀ ਤਿਆਰੀ ਕੀਤੀ ਜਾਵੇ। ਜੇਕਰ ਮਾਪੇ ਫਿਰ ਵੀ ਨਹੀਂ ਮੰਨਦੇ, ਤਾਂ ਬੱਚੀ ਨੂੰ ਅਡਾਪਸ਼ਨ (ਗੋਦ ਲੈਣ ਦੀ ਪ੍ਰਕਿਰਿਆ) ਵਿੱਚ ਪਾਇਆ ਜਾਵੇਗਾ, ਜਿਸਤੋਂ ਬਾਅਦ ਮਾਪੇ ਸਾਰੀ ਉਮਰ ਉਸ ਨੂੰ ਨਹੀਂ ਮਿਲ ਸਕਣਗੇ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਕੁੱਖ ਵਿੱਚ ਨਾ ਮਾਰੋ ਅਤੇ ਨਾ ਹੀ ਉਨ੍ਹਾਂ ਨੂੰ ਬੇਸਹਾਰਾ ਛੱਡੋ, ਜੇਕਰ ਕੋਈ ਨਹੀਂ ਸੰਭਾਲ ਸਕਦਾ ਤਾਂ ਸਰਕਾਰ ਨੂੰ ਸੌਂਪ ਦਿਓ, ਸਰਕਾਰ ਉਨ੍ਹਾਂ ਦੀ ਦੇਖਭਾਲ ਕਰੇਗੀ। ਮੰਤਰੀ ਨੇ ਪ੍ਰਗਟਾਇਆ ਅਫ਼ਸੋਸ, ਇਲਾਜ ਦਾ ਦਿੱਤਾ ਭਰੋਸਾ ਡਾ. ਬਲਜੀਤ ਕੌਰ ਨੇ ਹਸਪਤਾਲ ’ਚ ਬੱਚੀ ਦਾ ਹਾਲ ਜਾਣਿਆ ਅਤੇ ਡਾਕਟਰਾਂ ਨੂੰ ਬਿਹਤਰ ਇਲਾਜ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮਦਰਜ਼ ਡੇ ਵਾਲੇ ਦਿਨ ਇੱਕ ਮਾਂ ਆਪਣੀ ਬੱਚੀ ਨੂੰ ਅਪਣਾਉਣ ਤੋਂ ਇਨਕਾਰੀ ਹੈ। ਬਾਲ ਸੁਰੱਖਿਆ ਵਿਭਾਗ ਵੱਲੋਂ ਜਾਂਚ ਸ਼ੁਰੂ ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਤੋਂ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਹਸਪਤਾਲ ਪਹੁੰਚ ਕੇ ਦੋਸ਼ ਲਾਉਣ ਵਾਲੇ ਜੋੜੇ ਛੋਟੂ ਰਾਮ ਅਤੇ ਗੁਲਾਬ ਸਿਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਪੱਖ ਸੁਣਿਆ। ਜਾਂਚ ਟੀਮ ਵਿੱਚ ਲੀਗਲ ਅਫ਼ਸਰ ਸੌਰਵ ਚਾਵਲਾ, ਚਾਈਲਡ ਪ੍ਰੋਟੈਕਸ਼ਨ ਅਫ਼ਸਰ ਅੰਨੂ ਬਾਲਾ ਅਤੇ ਕੇਸ ਵਰਕਰ ਪਰਮਜੀਤ ਕੌਰ ਸ਼ਾਮਲ ਸਨ। ਟੀਮ ਨੇ ਮਾਮਲੇ ਦੀ ਤਹਿ ਤੱਕ ਜਾਣ ਦਾ ਭਰੋਸਾ ਦਿੱਤਾ ਹੈ।