ਆਦਰਸ਼ ਸੀਨੀਅਰ ਸੈਕੰਡਰੀ ਸਕੂਲ ’ਚ ਆਰਟਸਕੇਪ ਸਰਗਰਮੀ ਕਰਵਾਈ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ’ਚ “ਆਰਟਸਕੇਪ ਗਤੀਵਿਧੀ” ਦਾ ਸ਼ਾਨਦਾਰ ਆਯੋਜਨ
Publish Date: Thu, 30 Apr 2026 03:07 PM (IST)
Updated Date: Thu, 30 Apr 2026 03:10 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ’ਚ ਵਿਦਿਆਰਥੀਆਂ ਦੀ ਰਚਨਾਤਮਿਕ ਸੋਚ, ਕਲਾਤਮਿਕ ਯੋਗਤਾ ਅਤੇ ਲੁਕੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਦੇ ਉਦੇਸ਼ ਨਾਲ ਆਰਟਸਕੇਪ ਕਰਵਾਈ ਗਈ। ਇਹ ਸਮਾਗਮ ਸਕੂਲ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਸਰਗਰਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਕਲਾ ਪ੍ਰਤੀ ਰੁਚੀ ਪੈਦਾ ਕਰਨਾ, ਉਨ੍ਹਾਂ ਦੇ ਮਨ ’ਚ ਨਵੀਆਂ ਸੋਚਾਂ ਨੂੰ ਜਨਮ ਦੇਣਾ ਅਤੇ ਉਨ੍ਹਾਂ ਨੂੰ ਆਪਣੀ ਕਲਾਤਮਿਕ ਯੋਗਤਾ ਨੂੰ ਪ੍ਰਗਟ ਕਰਨ ਲਈ ਮੰਚ ਪ੍ਰਦਾਨ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਚਿੱਤਰਕਲਾ, ਰੰਗ ਭਰਨ, ਸਜਾਵਟੀ ਮਾਡਲ ਤਿਆਰ ਕਰਨ ਅਤੇ ਹੋਰ ਕਲਾਤਮਿਕ ਪ੍ਰਦਰਸ਼ਨਾਂ ’ਚ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲਾ ਮਨੁੱਖ ਦੇ ਅੰਦਰ ਲੁਕੀਆਂ ਭਾਵਨਾਵਾਂ, ਵਿਚਾਰਾਂ ਅਤੇ ਕਲਪਨਾ ਨੂੰ ਬਾਹਰ ਲਿਆਉਣ ਦਾ ਸਭ ਤੋਂ ਸੁੰਦਰ ਸਾਧਨ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੀਆਂ ਸਰਗਰਮੀਆਂ ਵੀ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਬੱਚਿਆਂ ਦੇ ਆਤਮਵਿਸ਼ਵਾਸ ਨੂੰ ਵਧਾਉਂਦੀਆਂ ਹਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਰਗਰਮੀ ਇੰਚਾਰਜ ਮੈਡਮ ਪੂਨਮ ਰਾਣੀ ਦੀ ਮਿਹਨਤ ਅਤੇ ਅਗਵਾਈ ਨਾਲ ਇਹ ਸਮਾਗਮ ਬਹੁਤ ਹੀ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਇਸ ਮੌਕੇ ਸਰਕਾਰੀ ਸਕੂਲ ਸਾਹਿਬ ਚੰਦ ਤੋਂ ਗੁਰਮੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਲਾਤਮਿਕ ਰਚਨਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਦੀ ਯੋਗਤਾ ਨੂੰ ਨਵੀਂ ਦਿਸ਼ਾ ਦਿੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਇਸੇ ਤਰ੍ਹਾਂ ਦੀਆਂ ਰਚਨਾਤਮਿਕ ਸਰਗਰਮੀਆਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਬਾਬਾ ਫਤਿਹ ਸਿੰਘ ਹਾਊਸ ਵੱਲੋਂ ਇਸ ਗਤੀਵਿਧੀ ਨੂੰ ਸਫਲ ਬਣਾਉਣ ਲਈ ਸ਼ਲਾਘਾਯੋਗ ਯੋਗਦਾਨ ਦਿੱਤਾ ਗਿਆ। ਇਸ ਤੋਂ ਇਲਾਵਾ ਗਤੀਵਿਧੀਆਂ ਇੰਚਾਰਜ ਤੇ ਪੰਜਾਬੀ ਲੈਕਚਰਾਰ ਮਨਦੀਪ ਕੌਰ ਅਤੇ ਲੈਬ ਅਟੈਂਡੈਂਟ ਰਾਜਵੀਰ ਕੌਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।