'ਆਪ' ਰਾਜ 'ਚ 100 ਗੁਣਾ ਵਧਿਆ ਨਸ਼ਾ : ਰਾਜਾ ਵੜਿੰਗ
'ਆਪ' ਰਾਜ 'ਚ 100 ਗੁਣਾ ਵਧਿਆ ਨਸ਼ਾ : ਰਾਜਾ ਵੜਿੰਗ
Publish Date: Sat, 23 May 2026 05:27 PM (IST)
Updated Date: Sat, 23 May 2026 05:28 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਮ ਆਦਮੀ ਪਾਰਟੀ (ਆਪ) ਅਤੇ ਸ਼ੋ੍ਮਣੀ ਅਕਾਲੀ ਦਲ ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਉਹ ਇੱਥੇ ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸੰਜਣਾ ਭੰਮ (ਪਤਨੀ ਕਰਮਜੀਤ ਕਰਮਾਂ) ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਸੂਬੇ ਦੀ ਮੌਜੂਦਾ ਕਾਨੂੰਨ ਵਿਵਸਥਾ ਅਤੇ ਬੇਰੁਜ਼ਗਾਰੀ ਦੇ ਮੁੱਦੇ ਤੇ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ। ਰਾਜਾ ਵੜਿੰਗ ਨੇ ਸਨਸਨੀਖੇਜ਼ ਦਾਅਵਾ ਕਰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਦੌਰਾਨ ਪੰਜਾਬ ਅੰਦਰ ਨਸ਼ਾ ਪਹਿਲਾਂ ਨਾਲੋਂ 100 ਗੁਣਾ ਵਧੇਰੇ ਵਧ ਚੁੱਕਾ ਹੈ। ਸੂਬੇ ਵਿੱਚ ਲਾਅ ਐਂਡ ਆਰਡਰ (ਕਾਨੂੰਨ ਵਿਵਸਥਾ) ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਅੱਧੇ ਤੋਂ ਵੱਧ ਵਪਾਰੀਆਂ ਨੂੰ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਫਿਰੌਤੀ ਦੇ ਫੋਨ ਆ ਚੁੱਕੇ ਹਨ, ਜਿਸ ਕਾਰਨ ਕਾਰੋਬਾਰੀ ਖੌਫ਼ ਦੇ ਸਾਏ ਹੇਠ ਜਿਊਣ ਲਈ ਮਜਬੂਰ ਹਨ। ਪੰਜਾਬ ’ਚ ਗੁੰਡਾਗਰਦੀ ਤੇ ਬੇਰੁਜ਼ਗਾਰੀ ਚਰਮ ਸੀਮਾ ਤੇ ਹੈ, ਜਿਸ ਕਾਰਨ ਹੱਕ ਮੰਗਦੇ ਮੁਲਾਜ਼ਮ ਰੋਜ਼ ਸੜਕਾਂ ਤੇ ਧਰਨੇ ਲਗਾ ਰਹੇ ਹਨ। ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਚ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਇਸ ਇਤਿਹਾਸਿਕ ਸ਼ਹਿਰ ਦੀ ਹਾਲਤ ਸੁਧਰਨ ਦੀ ਬਜਾਏ ਹੋਰ ਬਦਤਰ ਹੋ ਗਈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀਆਂ ਨਾਕਾਮੀਆਂ ਕਾਰਨ ਹੀ ਮੁਕਤਸਰ ਸਾਹਿਬ ਦਾ ਨਾਂ ਦੇਸ਼ ਦੇ ਸਭ ਤੋਂ ਗੰਦਗੀ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਆ ਗਿਆ ਸੀ। ਵੜਿੰਗ ਨੇ ਸਵਾਲ ਕੀਤਾ, ਜਿਹੜੇ ਆਪਣੇ ਰਾਜ ਵਿੱਚ ਸ਼ਹਿਰ ਦਾ ਵਿਕਾਸ ਨਹੀਂ ਕਰ ਸਕੇ, ਉਹ ਹੁਣ ਐਮ.ਸੀ. (ਕੌਂਸਲਰ) ਬਣ ਕੇ ਕੀ ਕਰ ਲੈਣਗੇ? ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਮੌਜੂਦਾ ਆਪ ਸਰਕਾਰ ਹੁਣ ਸਿਰਫ਼ 5-4 ਮਹੀਨਿਆਂ ਦੀ ਪ੍ਰਾਹੁਣੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਓ। ਕਾਂਗਰਸ ਦੀ ਸਰਕਾਰ ਆਉਣ ਤੇ ਸ੍ਰੀ ਮੁਕਤਸਰ ਸਾਹਿਬ ਲਈ ਮੋਟੇ ਫੰਡ ਜਾਰੀ ਕੀਤੇ ਜਾਣਗੇ। ਸ਼ਹਿਰ ਦੀ ਨੁਹਾਰ ਬਦਲ ਕੇ ਇਸਨੂੰ ਇੱਕ ਮਾਡਲ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਪੂਰਨ ਭਰੋਸਾ ਪ੍ਰਗਟਾਇਆ ਕਿ ਮੁਕਤਸਰ ਨਗਰ ਕੌਂਸਲ ਤੇ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰਕੇ ਕਾਬਜ਼ ਹੋਵੇਗੀ। ਇਸ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਵਰਕਰ, ਮੁਹੱਲਾ ਵਾਸੀ ਅਤੇ ਵੱਡੀ ਗਿਣਤੀ ਔਰਤਾਂ ਹਾਜ਼ਰ ਸਨ।