ਜੇਈ ਕੋਸ਼ਵ ਜੈਨ ਦੀ ਸਿਆਸੀ ਆਧਾਰ 'ਤੇ ਕੀਤੀ ਬਦਲੀ ਰੱਦ ਕਰਨ ਦੀ ਮੰਗ
ਜੇਈ ਕੋਸ਼ਵ ਜੈਨ ਦੀ ਸਿਆਸੀ ਆਧਾਰ 'ਤੇ ਕੀਤੀ ਬਦਲੀ ਰੱਦ ਕਰਨ ਦੀ ਮੰਗ
Publish Date: Tue, 21 Apr 2026 05:24 PM (IST)
Updated Date: Tue, 21 Apr 2026 05:28 PM (IST)

ਦਵਿੰਦਰ ਬਾਘਲਾ. ਪੰਜਾਬੀ ਜਾਗਰਣ ਦੋਦਾ : ਬਿਜਲੀ ਬੋਰਡ ’ਚ ਤਾਇਨਾਤ ਜੇਈ ਕੋਸ਼ਵ ਜੈਨ ਦੀ ਸਿਆਸੀ ਆਧਾਰ ਤੇ ਕੀਤੀ ਗਈ ਕਥਿਤ ਨਾਜਾਇਜ਼ ਬਦਲੀ ਨੂੰ ਲੈ ਕੇ ਇਲਾਕੇ ਦੇ ਲੋਕਾਂ ਤੇ ਜਥੇਬੰਦੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਇਨਕਲਾਬੀ ਗਰੁੱਪ ਆਫ਼ ਪੰਜਾਬ ਦੇ ਕਨਵੀਨਰ ਹਰਜੀਤ ਸਿੰਘ ਗੁੜ੍ਹੀ ਸੰਘਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਬੋਰਡ ਦੇ ਸਬ-ਡਵੀਜ਼ਨ ਘੁੜਕੀ (ਮੋਗਾ) ਵਿਖੇ ਤਾਇਨਾਤ ਜੇਈ ਕੋਸ਼ਵ ਜੈਨ ਦੀ ਬਦਲੀ ਪਿੰਡ ਗੁਲਾਬਗੜ੍ਹ ਦੇ ਸਰਪੰਚ ਵੱਲੋਂ ਮੁੱਖ ਮੰਤਰੀ ਨੂੰ ਦਿੱਤੀ ਗਈ ਇਕ ਸ਼ਿਕਾਇਤ ਦੇ ਅਧਾਰ ਤੇ ਬਿਨਾਂ ਕਿਸੇ ਪੜਤਾਲ ਦੇ ਕਰ ਦਿੱਤੀ ਗਈ ਹੈ। ਜਥੇਬੰਦੀ ਦਾ ਦੋਸ਼ ਹੈ ਕਿ ਇਹ ਬਦਲੀ ਨਿਰੋਲ ਸਿਆਸੀ ਰੰਜਿਸ਼ ਕਾਰਨ ਤੇ ਬਿਨਾਂ ਕਿਸੇ ਵਿਭਾਗੀ ਜਾਂਚ ਦੇ ਕੀਤੀ ਗਈ ਹੈ। ਜੇਈ ਦੀ ਬਦਲੀ ਕਾਰਨ ਇਲਾਕੇ ’ਚ ਬਿਜਲੀ ਬੋਰਡ ਦੇ ਚੱਲ ਰਹੇ ਵਿਕਾਸ ਕਾਰਜ ਤੇ ਆਮ ਲੋਕਾਂ ਦੇ ਕੰਮ ਰੁਕ ਗਏ ਹਨ। ਜਥੇਬੰਦੀ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹੁਕਮਾਂ ਨੂੰ ਰੱਦ ਕਰਕੇ ਜੇਈ ਕੋਸ਼ਵ ਜੈਨ ਨੂੰ ਮੁੜ ਉਸੇ ਸਬ-ਡਵੀਜ਼ਨ ’ਚ ਤਾਇਨਾਤ ਕੀਤਾ ਜਾਵੇ।ਹਰਜੀਤ ਸਿੰਘ ਗੁੜ੍ਹੀ ਸੰਘਰ ਦੇ ਨਾਲ ਸਰਬਜੀਤ ਸਿੰਘ ਬਾਬਾ, ਨਛੱਤਰ ਸਿੰਘ, ਕੁਲਵੀਰ ਸਿੰਘ, ਗੁਰਲਾਲ ਸਿੰਘ, ਬਲਵੀਰ ਸਿੰਘ ਤਾਰਾ ਭਾਈ, ਹਰਵਿੰਦਰ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ ਹਾਮਾ, ਬੇਅੰਤ ਸਿੰਘ ਸੇਖੋਂ, ਜਗਮੋਹਨ ਸਿੰਘ ਮੋਗਾ, ਵਰਿੰਦਰ ਸਿੰਘ ਬਾਲਦਵ, ਰਣਜੀਤ ਸਿੰਘ ਹੀਰੇ ਵਾਲਾ, ਹਰੀ ਕਿਸ਼ਨ, ਜਗਦੀਪ ਸਿੰਘ, ਮਲਕੀਤ ਸਿੰਘ ਤੇ ਹੋਰ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਜੇਕਰ ਇਹ ਬਦਲੀ ਤੁਰੰਤ ਰੱਦ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਤਿੱਖਾ ਸੰਘਰਸ਼ ਵਿਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ’ਚ ਸਿਆਸੀ ਦਖ਼ਲਅੰਦਾਜ਼ੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।