ਚਾਰ SMOs ਦੀ ਸ਼ਿਕਾਇਤ ਤੋਂ ਬਾਅਦ ਸਿਵਲ ਸਰਜਨ ਦਾ ਤਬਾਦਲਾ, ਲੱਗੇ ਸੀ ਰਿਸ਼ਵਤ ਮੰਗਣ ਦੇ ਦੋਸ਼; ਸਿਹਤ ਮੰਤਰੀ ਨੂੰ ਕੀਤੀ ਸੀ ਸ਼ਿਕਾਇਤ
SMOs ਨੇ ਦੋਸ਼ ਲਾਇਆ ਕਿ ਡਰਾਈਵਰ ਦੀ ਬਦਲੀ ਲਈ 5000 ਰੁਪਏ, ਇਸ਼ਤਿਹਾਰ ਛਪਵਾਉਣ ਲਈ 15,000 ਰੁਪਏ ਪ੍ਰਤੀ ਮਹੀਨਾ ਅਤੇ ਐਨਕਾਂ ਵੰਡਣ ਲਈ 3000 ਰੁਪਏ ਦੀ ਮੰਗ ਕੀਤੀ ਗਈ ਤੇ ਇਨ੍ਹਾਂ ਪੈਸਿਆਂ ਨੂੰ 'ਯੂਜ਼ਰ ਚਾਰਜਿਸ' 'ਚ ਐਡਜਸਟ ਕਰਨ ਲਈ ਕਿਹਾ ਗਿਆ। ਇਸੇ ਤਰ੍ਹਾਂ ਬਾਕੀ ਐੱਸਐੱਮਓਜ਼ ਨੇ ਵੀ ਗੰਭੀਰ ਦੋਸ਼ ਲਗਾਏ ਸਨ।
Publish Date: Wed, 21 Jan 2026 02:47 PM (IST)
Updated Date: Wed, 21 Jan 2026 04:02 PM (IST)
ਜਾਾਗਰਣ ਸੰਵਾਦਦਾਤਾ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਮੁਕਤਸਰ ਦੇ ਚਾਰ ਸਰਕਾਰੀ ਹਸਪਤਾਲਾਂ ਦੇ ਐੱਸਐੱਮਓਜ਼ (SMOs) ਵੱਲੋਂ ਸਿਹਤ ਮੰਤਰੀ ਨੂੰ ਰਿਸ਼ਵਤ ਮੰਗਣ ਦੀਆਂ ਸ਼ਿਕਾਇਤਾਂ ਕੀਤੇ ਜਾਣ ਦੇ ਛੇ ਦਿਨਾਂ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਡਾ. ਸੁਨੀਲ ਬਾਂਸਲ ਨੂੰ ਮੁਕਤਸਰ ਦਾ ਨਵਾਂ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ। ਡਾ. ਬਾਂਸਲ ਪਹਿਲਾਂ ਵੀ ਮੁਕਤਸਰ 'ਚ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਰਹਿ ਚੁੱਕੇ ਹਨ। ਦੂਜੇ ਪਾਸੇ ਡਾ. ਰਾਜ ਕੁਮਾਰ ਨੂੰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿਖੇ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਬਾਦਲੇ ਦੇ ਨਾਲ ਹੀ ਡਾ. ਰਾਜ ਕੁਮਾਰ ਖ਼ਿਲਾਫ਼ ਹੋਈਆਂ ਸ਼ਿਕਾਇਤਾਂ ਦੀ ਜਾਂਚ ਵੀ ਸ਼ੁਰੂ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ 14 ਜਨਵਰੀ ਨੂੰ ਦੋਦਾ ਦੇ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਰੌਬਿਨ ਕੁਮਾਰ, ਲੰਬੀ ਦੇ ਐੱਸਐੱਮਓ ਡਾ. ਹਰਿੰਦਰਪਾਲ ਸਿੰਘ, ਆਲਮਵਾਲਾ ਦੇ ਐੱਸਐੱਮਓ ਡਾ. ਸਿੰਪਲ ਕੁਮਾਰ ਅਤੇ ਮਲੋਟ ਦੇ ਐੱਸਐੱਮਓ ਡਾ. ਰਾਜਿੰਦਰ ਕੁਮਾਰ ਨੇ ਸਿਹਤ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜੀ ਸੀ। ਡਾ. ਰੌਬਿਨ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਸੀ ਕਿ ਸਿਵਲ ਸਰਜਨ ਡਾ. ਰਾਜ ਕੁਮਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਦਫ਼ਤਰ ਬੁਲਾ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਡਰਾਈਵਰ ਦੀ ਬਦਲੀ ਲਈ 5000 ਰੁਪਏ, ਇਸ਼ਤਿਹਾਰ ਛਪਵਾਉਣ ਲਈ 15,000 ਰੁਪਏ ਪ੍ਰਤੀ ਮਹੀਨਾ ਅਤੇ ਐਨਕਾਂ ਵੰਡਣ ਲਈ 3000 ਰੁਪਏ ਦੀ ਮੰਗ ਕੀਤੀ ਗਈ ਤੇ ਇਨ੍ਹਾਂ ਪੈਸਿਆਂ ਨੂੰ 'ਯੂਜ਼ਰ ਚਾਰਜਿਸ' 'ਚ ਐਡਜਸਟ ਕਰਨ ਲਈ ਕਿਹਾ ਗਿਆ। ਇਸੇ ਤਰ੍ਹਾਂ ਬਾਕੀ ਐੱਸਐੱਮਓਜ਼ ਨੇ ਵੀ ਗੰਭੀਰ ਦੋਸ਼ ਲਗਾਏ ਸਨ।
ਸਿਹਤ ਵਿਭਾਗ 'ਚ ਧਾਂਦਲੀ ਅਤੇ ਰਿਸ਼ਵਤਖੋਰੀ ਦੇ ਮਾਮਲੇ ਚਰਚਾ 'ਚ
ਸਿਹਤ ਵਿਭਾਗ ਅਕਸਰ ਧਾਂਦਲੀ ਅਤੇ ਰਿਸ਼ਵਤਖੋਰੀ ਕਾਰਨ ਸੁਰਖੀਆਂ 'ਚ ਰਹਿੰਦਾ ਹੈ। ਪਿਛਲੇ ਸਾਲ ਵੀ ਸਿਵਲ ਹਸਪਤਾਲ ਮੁਕਤਸਰ ਅਤੇ ਸਿਵਲ ਸਰਜਨ ਦਫ਼ਤਰ 'ਚ ਧਾਂਦਲੀ ਦੇ ਮਾਮਲੇ ਸਾਹਮਣੇ ਆਏ ਸਨ, ਪਰ ਕੋਈ ਸਖ਼ਤ ਕਾਰਵਾਈ ਨਹੀਂ ਹੋਈ ਸੀ। ਹੁਣ ਸਿਵਲ ਸਰਜਨ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਤਬਾਦਲਾ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।