12 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 12 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਪਾਈਪਾਂ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ
Publish Date: Thu, 30 Apr 2026 04:59 PM (IST)
Updated Date: Thu, 30 Apr 2026 05:01 PM (IST)
- ਸ਼ਹਿਰ ਵਾਸੀਆਂ ਨੂੰ ਵਰਤੋਂ ਲਈ ਮਿਲੇਗਾ ਸਾਫ-ਸੁਥਰਾ ਪਾਣੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਸ਼ਹਿਰ ਵਾਸੀਆਂ ਨੂੰ ਪੀਣ ਅਤੇ ਵਰਤੋਂ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਪਾਣੀ ਦੀ ਕੋਈ ਸਮੱਸਿਆ ਪੇਸ਼ ਨਾ ਆਵੇ, ਇਹ ਐਲਾਨ ਡਾ. ਬਲਜੀਤ ਕੌਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਮੰਤਰੀ ਪੰਜਾਬ ਨੇ ਸਰਹੰਦ ਫੀਡਰ ਨਹਿਰ ਤੋਂ ਮਲੋਟ ਵਾਟਰ ਵਰਕਸ ਤੱਕ 12 ਕਰੋੜ ਰੁਪਏ ਦੀ ਲਾਗਤ ਨਾਲ ਸਾਢੇ 8 ਕਿਲੋਮੀਟਰ ਤੱਕ ਨਵੀਂ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 25 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਸ਼ਹਿਰ ’ਚ ਪਾਣੀ ਵਾਲੀਆਂ ਪਾਈਪਾਂ ਦਾ ਕੰਮ ਚੱਲ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਸਾਲ ਦੇ ਅੰਦਰ-ਅੰਦਰ ਸਾਫ ਸੁਥਰਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਭਵਿੱਖ ’ਚ ਪਾਣੀ ਦੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਮਲੋਟ ’ਚ 50 ਹਜ਼ਾਰ ਤੱਕ ਔਰਤਾਂ ਦੀ ਰਜਿਸਟ੍ਰੇਸ਼ਨ ਪਹੁੰਚ ਚੁੱਕੀ ਹੈ ਅਤੇ ਜਲਦੀ ਯੋਗ ਲਾਭ ਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਔਰਤਾਂ ਦੇ ਖਾਤਿਆਂ ’ਚ ਰਕਮ ਆਉਣੀ ਸ਼ੁਰੂ ਹੋ ਜਾਵੇਗੀ ਅਤੇ 1 ਮਈ ਦੇ ਇਜਲਾਸ ਵਿਚ ਆਪ੍ਰੇਸ਼ਨ ਲੋਟਸ ਖ਼ਿਲਾਫ਼ ਆਵਾਜ਼ ਚੁੱਕਾਂਗੇ। ਬਿਜਲੀ ਕੱਟਾਂ ਦੇ ਸਨਮੁੱਖ ਅਕਾਲੀ ਦਲ ਵੱਲੋਂ ਲਾਏ ਜਾ ਰਹੇ ਨਾਜਾਇਜ਼ ਧਰਨਿਆਂ ਸਬੰਧੀ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ’ਚ ਬਿਜਲੀ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਪਾਵਰਕਾਮ ਵਿਭਾਗ ਵੱਲੋਂ ਚੱਲ ਰਹੀ ਰਿਪੇਅਰ ਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਅਰਸ਼ਦੀਪ ਸਿੱਧੂ ਪੀਏ, ਵਿਕਰਾਂਤ ਖੁਰਾਣਾ ਦਫ਼ਤਰ ਇੰਚਾਰਜ, ਜਸਮੀਤ ਬਰਾੜ ਬਲਾਕ ਪ੍ਰਧਾਨ, ਰਾਜੀਵ ਉੱਪਲ ਬਲਾਕ ਪ੍ਰਧਾਨ, ਵਿਜੇ ਜੰਡਵਾਲਾ ਚੇਅਰਮੈਨ ਬਲਾਕ ਸੰਮਤੀ, ਸਿਮਰਜੀਤ ਬਰਾੜ ਜ਼ਿਲ੍ਹਾ ਚੇਅਰਮੈਨ ਸਹਿਕਾਰੀ ਬੈਂਕ, ਲਵ ਬੱਤਰਾ ਪ੍ਰਧਾਨ ਸਿਟੀਜ਼ਨ ਕਲੱਬ ਮਹਿਲਾ ਵਿੰਗ ਪ੍ਰਧਾਨ ਆਸ਼ੂ ਚਾਨਣਾ ਅਤੇ ਪਰਮਜੀਤ ਕੌਰ, ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ, ਗਗਨ ਔਲਖ, ਬਲਰਾਜ ਸਿੰਘ ਹਲਕਾ ਕੋਆਰਡੀਨੇਟਰ ਨਸ਼ਾਮੁਕਤੀ ਮੋਰਚਾ, ਨਰੇਸ਼ ਗਾਬਾ, ਜਸਦੇਵ ਸੰਧੂ ਐੱਮਸੀ, ਜਗਨਨਾਥ ਸ਼ਰਮਾ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।