ਪੰਜਾਬ ਦੇ ਕਿਸਾਨੀ ਮੁੱਦਿਆਂ ’ਤੇ ਸੀਐੱਮ ਸੈਣੀ ਨਾਲ ਅਹਿਮ ਮੁਲਾਕਾਤ
ਪੰਜਾਬ ਦੇ ਕਿਸਾਨੀ ਮੁੱਦਿਆਂ ’ਤੇ ਹਰਿਆਣਾ ਸੀਐਮ ਸੈਣੀ ਨਾਲ ਭਾਈ ਰਾਹੁਲ ਸਿੱਧੂ ਦੀ ਅਹਿਮ ਮੁਲਾਕਾਤ
Publish Date: Sun, 03 May 2026 06:40 PM (IST)
Updated Date: Mon, 04 May 2026 04:12 AM (IST)

ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਾਜਪਾ ਨੇਤਾ ਅਤੇ ਪੀਪੀਐਸਸੀ ਦੇ ਸਾਬਕਾ ਮੈਂਬਰ ਭਾਈ ਰਾਹੁਲ ਸਿੱਧੂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਉਹਨਾਂ ਦੇ ਨਿਵਾਸ ਵਿਖੇ ਇੱਕ ਸ਼ਿਸਟਾਚਾਰ ਮੁਲਾਕਾਤ ਕਰਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਵਿਆਪਕ ਚਰਚਾ ਕੀਤੀ। ਇਸ ਮਹੱਤਵਪੂਰਨ ਮੁਲਾਕਾਤ ਦੌਰਾਨ ਭਾਈ ਰਾਹੁਲ ਸਿੱਧੂ ਨੇ ਖ਼ਾਸ ਤੌਰ ‘ਤੇ ਪੰਜਾਬ ਦੇ ਕਿਸਾਨਾਂ ਨਾਲ ਸੰਬੰਧਿਤ ਗੰਭੀਰ ਮਸਲਿਆਂ ਨੂੰ ਉਠਾਇਆ। ਉਨ੍ਹਾਂ ਨੇ ਕਿਸਾਨੀ ਸੰਕਟ, ਫਸਲਾਂ ਤੇ ਬੇਮੌਸਮੀ ਮਾਰ, ਕਰਜ਼ੇ ਦੀ ਭਾਰੀ ਪੰਡ ਵਰਗੇ ਅਹਿਮ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਵਿਗੜ ਰਹੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਫਿਰੌਤੀ ਕਾਲਾਂ ਤੋਂ ਇਲਾਵਾ ਨੌਜਵਾਨਾਂ ਵਿਚ ਨਸ਼ੇ ਦੇ ਵੱਧ ਰਹੇ ਰੁਝਾਨ ਤੇ ਹਰ ਰੋਜ ਨਸ਼ੇ ਨਾਲ ਹੋ ਰਹੀਆਂ ਮੌਤਾਂ ਬਾਰੇ ਵੀ ਆਪਣੀ ਚਿੰਤਾ ਜਾਹਿਰ ਕੀਤੀ। ਮੁਲਾਕਾਤ ਦੌਰਾਨ ਦੋਵੇਂ ਆਗੂਆਂ ਵਿਚਕਾਰ ਗੱਲਬਾਤ ਬਹੁਤ ਹੀ ਸੁਖਾਵੀ ਅਤੇ ਸਾਕਾਰਾਤਮਕ ਮਾਹੌਲ ਵਿੱਚ ਹੋਈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਇਹ ਯਕੀਨ ਦਿਵਾਇਆ ਕਿ ਉਹ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਕੇਂਦਰ ਸਰਕਾਰ ਕੋਲ ਉਠਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨੀ ਖੇਤਰ ਦੀ ਮਜ਼ਬੂਤੀ ਅਤੇ ਕਿਸਾਨਾਂ ਦੀ ਭਲਾਈ ਲਈ ਮਿਲਜੁਲ ਕੇ ਹੱਲ ਲੱਭਣ ਦੀ ਲੋੜ ਹੈ। ਭਾਈ ਰਾਹੁਲ ਸਿੱਧੂ ਨੇ ਇਸ ਮੌਕੇ ‘ਤੇ ਉਮੀਦ ਜਤਾਈ ਕਿ ਭਾਜਪਾ ਦੀ ਕੇਂਦਰੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪਹਿਲਾਂ ਵਾਂਗ ਹੀ ਠੋਸ ਕਦਮ ਚੁੱਕਦੀ ਰਹੇਗੀ ਜਿਸ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਕਲਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਭਲਾਈ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਇਹ ਮੁਲਾਕਾਤ ਰਾਜਨੀਤਿਕ ਤੌਰ ‘ਤੇ ਵੀ ਕਾਫੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਇਹ ਦੋਨਾਂ ਰਾਜਾਂ ਵਿਚਕਾਰ ਸਾਂਝ ਅਤੇ ਸੰਵਾਦ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਸਾਕਾਰਾਤਮਕ ਕਦਮ ਹੈ।