ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਦੇ ਵਿਰੋਧ ’ਚ ਧਰਨਾ
ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਦੇ ਵਿਰੋਧ ’ਚ ਅਕਾਲੀ ਦਲ ਵੱਲੋਂ ‘ਆਪ’ ਵਿਧਾਇਕ ਦੇ ਪੀਏ ਦੇ ਘਰ ਮੂਹਰੇ ਧਰਨਾ
Publish Date: Tue, 19 May 2026 05:08 PM (IST)
Updated Date: Tue, 19 May 2026 05:09 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਮੁਕਤਸਰ ਵਿੱਚ ਸਿਆਸਤ ਗਰਮਾ ਗਈ ਹੈ। ਸ਼ੋ੍ਮਣੀ ਅਕਾਲੀ ਦਲ ਦੇ ਚਾਰ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਅਕਾਲੀ ਦਲ ਨੇ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੀਏ ਦੇ ਘਰ ਦੇ ਬਾਹਰ ਵਾਰਡ ਨੰਬਰ 16 ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸਵੇਰੇ ਕਰੀਬ ਸਾਢੇ ਨੌਂ ਵਜੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਅਕਾਲੀ ਵਰਕਰ ਵਿਧਾਇਕ ਦੇ ਪੀਏ ਵਿਕਰਮਜੀਤ ਵਿੱਕੀ ਦੇ ਘਰ ਦੇ ਬਾਹਰ ਪਹੁੰਚੇ। ਉੱਥੇ ਕਰੀਬ ਡੇਢ ਘੰਟੇ ਤੱਕ ਧਰਨਾ ਦੇ ਕੇ ‘ਆਪ’ ਸਰਕਾਰ ਅਤੇ ਸਥਾਨਕ ਵਿਧਾਇਕ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਨੇ ਦੋਸ਼ ਲਾਇਆ ਕਿ ‘ਆਪ’ ਵਿਧਾਇਕ ਦੀ ਸ਼ਹਿ ’ਤੇ ਉਨ੍ਹਾਂ ਦੇ ਪੀਏ ਵਿਕਰਮਜੀਤ ਵਿੱਕੀ ਨੇ ਅਕਾਲੀ ਦਲ ਦੇ ਵਾਰਡ ਨੰਬਰ 8, 16, 18 ਅਤੇ 24 ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਾਣਬੁੱਝ ਕੇ ਰੱਦ ਕਰਵਾ ਦਿੱਤੇ ਹਨ। ਨਾਮਜ਼ਦਗੀ ਰੱਦ ਕਰਨ ਦਾ ਕਾਰਨ ਘਰ ਦੇ ਬਾਹਰ ਬਣੇ ਥੜ੍ਹੇ ਨੂੰ ਨਾਜਾਇਜ਼ ਕਬਜ਼ਾ ਦੱਸਿਆ ਗਿਆ ਹੈ। ਬਰਕੰਦੀ ਨੇ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਨਾਲ ਧੱਕੇਸ਼ਾਹੀ ਹੈ। ਮੁਕਤਸਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿਸ ਦੇ ਬਾਹਰ ਥੜ੍ਹਾ ਨਾ ਬਣਿਆ ਹੋਵੇ। ਸਿਰਫ਼ ਅਕਾਲੀ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣਾ ਸਰਾਸਰ ਗ਼ਲਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੱਦ ਕੀਤੇ ਗਏ ਚਾਰੇ ਉਮੀਦਵਾਰ ਆਪਣੇ-ਆਪਣੇ ਵਾਰਡਾਂ ਵਿੱਚ ਮਜ਼ਬੂਤ ਸਥਿਤੀ ਵਿੱਚ ਸਨ ਅਤੇ ਜਿੱਤ ਵੱਲ ਵਧ ਰਹੇ ਸਨ। ਇਸੇ ਡਰ ਕਾਰਨ ਉਨ੍ਹਾਂ ਦੇ ਕਾਗਜ਼ ਰੱਦ ਕਰਵਾਏ ਗਏ ਹਨ। ਇਨ੍ਹਾਂ ਚਾਰਾਂ ਵਾਰਡਾਂ ਵਿੱਚ ‘ਆਪ’ ਵਿਧਾਇਕ ਦੇ ਚਹੇਤੇ ਉਮੀਦਵਾਰ ਮੈਦਾਨ ਵਿੱਚ ਹਨ। ਸਾਬਕਾ ਵਿਧਾਇਕ ਨੇ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਅਕਾਲੀ ਦਲ ਨੇ ‘ਆਪ’ ਨੂੰ ਕਰਾਰੀ ਹਾਰ ਦਿੱਤੀ ਸੀ। ਰੋਜ਼ੀ ਬਰਕੰਦੀ ਨੇ ਚੇਤਾਵਨੀ ਦਿੱਤੀ ਕਿ ਪਾਰਟੀ ਨੇ ਇਸ ਮਾਮਲੇ ਦੀ ਸ਼ਿਕਾਇਤ ਵੱਡੇ ਪੱਧਰ ’ਤੇ ਕੀਤੀ ਹੈ। ਜੇਕਰ ਪ੍ਰਸ਼ਾਸਨ ਤੋਂ ਇਨਸਾਫ਼ ਨਾ ਮਿਲਿਆ ਤਾਂ ਅਕਾਲੀ ਦਲ ਅਦਾਲਤ ਦਾ ਦਰਵਾਜ਼ਾ ਖੜਕਾਏਗਾ। ਉਨ੍ਹਾਂ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ, ਪਾਰਟੀ ਆਪਣੇ ਚਾਰਾਂ ਉਮੀਦਵਾਰਾਂ ਨੂੰ ਚੋਣ ਜ਼ਰੂਰ ਲੜਵਾਏਗੀ ਅਤੇ ਲੋਕਤੰਤਰ ਦਾ ਕਤਲ ਨਹੀਂ ਹੋਣ ਦੇਵੇਗੀ। ਅਕਾਲੀ ਦਲ ਨੇ ਇਸ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੰਦਿਆਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਧਰਨੇ ਤੋਂ ਬਾਅਦ ਅਕਾਲੀ ਆਗੂਆਂ ਦਾ ਇੱਕ ਵਫ਼ਦ ਡੀਸੀ ਨੂੰ ਮਿਲਿਆ ਅਤੇ ਉਨ੍ਹਾਂ ਦੇ ਕਾਗਜ਼ਾਂ ਦੀ ਸਹੀ ਤਰੀਕੇ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ। ਦੋਸ਼ ਬੇਬੁਨਿਆਦ ਹਨ : ਪੀਏ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੀਏ ਵਿਕਰਮ ਵਿੱਕੀ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਵਿਧਾਇਕ ਨੇ ਕਿਸੇ ਦੀ ਨਾਮਜ਼ਦਗੀ ਰੱਦ ਨਹੀਂ ਕਰਵਾਈ। ਖ਼ੁਦ ਹੀ ਵਿਰੋਧੀਆਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਕਾਗਜ਼ ਦਾਖਲ ਕਰਨ ਵੇਲੇ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਇਆ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਵੀ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਇਆ ਸੀ। ਦੋਸ਼ ਗ਼ਲਤ ਲਗਾਏ ਜਾ ਰਹੇ ਹਨ।