ਨਾੜ ਦੀਆਂ ਗੱਠਾਂ ਨਾਲ ਭਰਿਆ ਟਰਾਲਾ ਸੜ ਕੇ ਸੁਆਹ
ਨਾੜ ਦੀਆਂ ਗੱਠਾਂ ਨਾਲ ਭਰਿਆ ਟਰਾਲਾ ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ ਟਰਾਲਾ ਸੜ ਕੇ ਸੁਆਹ
Publish Date: Wed, 22 Apr 2026 05:18 PM (IST)
Updated Date: Wed, 22 Apr 2026 05:22 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ/ਪੰਨੀਵਾਲਾ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪੰਨੀਵਾਲਾ ਫੱਤਾ ਵਿਖੇ ਮੰਗਲਵਾਰ ਨੂੰ ਸ਼ਾਮ 9 ਵਜੇ ਦੇ ਕਰੀਬ ਕਣਕ ਦੇ ਨਾੜ ਦੀਆਂ ਗੱਠਾਂ ਨਾਲ ਭਰਿਆ ਟਰਾਲਾ ਪਿੰਡ ਦੀ ਇਕ ਗਲੀ ’ਚ 11 ਹਜ਼ਾਰ ਵੋਲਟ ਵਾਲੀਆਂ ਤਾਰਾਂ ਨਾਲ ਟਕਰਾਅ ਗਿਆ ਜਿਸ ਨਾਲ ਟਰਾਲਾ, ਗੱਠਾਂ ਸੜ ਕੇ ਸੁਆਹ ਹੋ ਗਏ ਅਤੇ ਆਸ ਪਾਸ ਦੇ ਘਰਾਂ ਦਾ ਵੀ ਨੁਕਸਾਨ ਹੋਇਆ। ਮਾਸਟਰ ਜਗਤਾਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸਦੇ ਕੈਮਰੇ ਅਤੇ ਬਾਥਰੂਮ ਦੇ ਉੱਪਰ ਪਈ ਟੈਂਕੀ ਸੜ ਗਈ ਅਤੇ ਘਰ ਦੀਆਂ ਤਾਰਾਂ ਵੀ ਸੜ ਗਈਆਂ। ਦੱਸ ਦੇਈਏ ਕਿ 11000 ਵੋਲਟੇਜ ਵਾਲੀਆਂ ਤਾਰਾਂ ਗਲੀ ਨੂੰ ਕਰੌਸ ਕਰਦੀਆਂ ਹਨ ਅਤੇ ਬਹੁਤ ਹੀ ਜਿਆਦਾ ਨੀਵੀਆਂ ਹਨ ਅਤੇ ਪਹਿਲਾਂ ਵੀ ਹਾਦਸੇ ਹੋ ਚੁੱਕੇ ਹਨ। ਇਹ ਬਾਬਤ ਆਸ ਪਾਸ ਦੇ ਘਰਾਂ ਵਾਲਿਆਂ ਨੇ ਕਈ ਵਾਰ ਮਹਿਕਮੇ ਕੋਲ ਸ਼ਿਕਾਇਤ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਲੋਕਾਂ ਦੇ ਖੇਤਾਂ ਨੂੰ ਜਾਣ ਵਾਲਾ ਰਸਤਾ ਵੀ ਇਸ ਗਲੀ ਵਿੱਚੋਂ ਹੋ ਕੇ ਲੱਗਦਾ ਹੈ। ਜਦ ਵੀ ਕਣਕ ਦੀਆਂ ਭਰੀਆਂ ਟਰਾਲੀਆਂ ਆਉਂਦੀਆਂ ਹਨ ਤਾਂ ਹਮੇਸ਼ਾ ਹੀ ਖਤਰਾ ਬਣਿਆ ਰਿਹਾ ਰਹਿੰਦਾ ਹੈ ਕਈ ਵਾਰ ਖੇਤ ਤੋਂ ਤੂੜੀ ਦੀਆਂ ਟਰਾਲੀਆਂ ਲਿਆਉਣ ਵੇਲੇ ਵੀ ਬੜੀ ਮੁਸ਼ਕਿਲ ਆਉਂਦੀ ਹੈ। ਰਾਤ ਜਦ ਟਰਾਲੇ ਨੂੰ ਅੱਗ ਲੱਗੀ ਤਾਂ ਇੱਕ ਦਮ ਡਰ ਦਾ ਮਾਹੌਲ ਬਣ ਗਿਆ ਕਿਉਂਕਿ 100 ਫੁੱਟ ਦੀ ਦੂਰੀ ਤੇ ਖੇਤਾਂ ’ਚ ਕਣਕ ਅਤੇ ਨਾੜ ਪਿਆ ਸੀ ਜੇ ਥੋੜੀ ਜਿਹੀ ਹਵਾ ਵੱਗ ਜਾਂਦੀ ਤਾਂ ਸਾਰੇ ਖੇਤ ਸੜਨ ਦਾ ਖਤਰਾ ਸੀ। ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਇਆ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਰ ਬ੍ਰਿਗੇਡ ਵੀ ਪਹੁੰਚ ਗਈ। ਜਦ ਜਸਪ੍ਰੀਤ ਸਿੰਘ ਮੱਲਣ ਐਸਡੀਓ ਪਾਵਰਕਾਮ ਅਰਨੀ ਵਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਜੇਈ ਸਾਹਿਬ ਦੀ ਡਿਊਟੀ ਲਗਾ ਦਿੱਤੀ ਹੈ ਅਤੇ ਇੱਕ ਹਫਤੇ ’ਚ ਤਾਰਾਂ ਉੱਚੀਆਂ ਕਰ ਦਿੱਤੀਆਂ ਜਾਣਗੀਆਂ। ਸੁਬ੍ਹਾ ਤੱਕ ਲਾਈਟ ਨਾ ਆਉਣ ਕਾਰਨ ਪਿੰਡ ਵਾਸੀਆਂ ਨੇ ਬੈਠ ਕੇ ਰਾਤ ਗੁਜ਼ਾਰੀ।