- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਪਹਿਲਕਦਮੀ ਦੀ ਪੁਸ਼ਟੀ ਕਰਦਿਆਂ ਸਵ. ਬਰਾੜ ਦੀ ਨੂੰਹ ਅਤੇ ਮੁਕਤਸਰ ਤੋਂ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਦੱਸਿਆ ਕਿ ਇਹ ਸਨਮਾਨ ਉਨ੍ਹਾਂ ਦੇ ਸਹੁਰਾ ਸਾਹਿਬ ਦੇ ਬਚਪਨ ਦੇ ਦੋਸਤ ਅਤੇ ਪਾਕਿਸਤਾਨ ਦੇ ਨਾਮੀ ਉਦਯੋਗਪਤੀ ਸੱਯਦ ਬਾਬਰ ਅਲੀ ਦੇ ਰਹੇ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਮੰਡੀ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ): ਲਾਹੌਰ ਦੇ ਵੱਕਾਰੀ ਵਿਦਿਅਕ ਅਦਾਰੇ ਐਚੀਸਨ ਕਾਲਜ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਨਾਂ 'ਤੇ ਇੱਕ ਕਲਾਸਰੂਮ ਦਾ ਨਾਂ ਰੱਖਿਆ ਗਿਆ ਹੈ। ਇਸ ਫੈਸਲੇ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵਾਂ ਪਾਸਿਆਂ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਸਵ. ਬਰਾੜ ਨੇ 1936 ਤੋਂ 1943 ਤੱਕ ਇਸੇ ਕਾਲਜ ’ਚ ਪੜ੍ਹਾਈ ਕੀਤੀ ਸੀ। ਪੜ੍ਹਾਈ ਦੌਰਾਨ ਉਹ ਸਕੂਲ ਪ੍ਰੀਫੈਕਟ ਰਹੇ ਅਤੇ ਉਨ੍ਹਾਂ ਨੂੰ ਵੱਕਾਰੀ 'ਰਿਵਾਜ ਗੋਲਡ ਮੈਡਲ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਇਸ ਪਹਿਲਕਦਮੀ ਦੀ ਪੁਸ਼ਟੀ ਕਰਦਿਆਂ ਸਵ. ਬਰਾੜ ਦੀ ਨੂੰਹ ਅਤੇ ਮੁਕਤਸਰ ਤੋਂ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਦੱਸਿਆ ਕਿ ਇਹ ਸਨਮਾਨ ਉਨ੍ਹਾਂ ਦੇ ਸਹੁਰਾ ਸਾਹਿਬ ਦੇ ਬਚਪਨ ਦੇ ਦੋਸਤ ਅਤੇ ਪਾਕਿਸਤਾਨ ਦੇ ਨਾਮੀ ਉਦਯੋਗਪਤੀ ਸੱਯਦ ਬਾਬਰ ਅਲੀ ਦੇ ਰਹੇ ਹਨ। ਦਹਾਕਿਆਂ ਪਹਿਲਾਂ ਹਰਚਰਨ ਸਿੰਘ ਜੀ ਨੇ ਇਸ ਕਾਲਜ ਦੀ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਸੀ। ਬਾਬਰ ਅਲੀ ਦਾ 100ਵਾਂ ਜਨਮਦਿਨ 30 ਜੂਨ ਨੂੰ ਹੈ, ਪਰ ਮੁਹੱਰਮ ਦੇ ਕਾਰਨ ਇਸਦਾ ਜਸ਼ਨ 7 ਜੂਨ ਨੂੰ ਮਨਾਇਆ ਗਿਆ ਹੈ। ਇਸੇ ਖਾਸ ਮੌਕੇ 'ਤੇ ਇਹ ਕਲਾਸਰੂਮ ਸਮਰਪਿਤ ਕੀਤਾ ਗਿਆ ਹੈ। ਕਰਨ ਕੌਰ ਨੇ ਕਿਹਾ ਕਿ ਹਰਚਰਨ ਜੀ ਅਤੇ ਬਾਬਰ ਸਾਹਿਬ ਦਾ ਰਿਸ਼ਤਾ ਭਰਾਵਾਂ ਵਰਗਾ ਸੀ। ਉਨ੍ਹਾਂ ਦੱਸਿਆ ਕਿ ਹਰਚਰਨ ਸਿੰਘ ਜੀ ਨੂੰ ਲਾਹੌਰ ਦੇ ਇਸ ਕਾਲਜ ਨਾਲ ਬਹੁਤ ਲਗਾਵ ਸੀ। ਇਸ ਸਮਾਗਮ ’ਚ ਸ਼ਾਮਲ ਹੋਣ ਲਈ ਬਰਾੜ ਦੀ ਬੇਟੀ ਬਬਲੀ ਬਰਾੜ ਪਹਿਲਾਂ ਹੀ ਪਾਕਿਸਤਾਨ ਪਹੁੰਚ ਚੁੱਕੀ ਹੈ। ਇਹ ਕਦਮ ਇਸ ਲਈ ਵੀ ਬਹੁਤ ਖਾਸ ਹੈ ਕਿਉਂਕਿ ਕਿਸੇ ਪਾਕਿਸਤਾਨੀ ਸੰਸਥਾ ’ਚ ਭਾਰਤੀ ਸਿਆਸਤਦਾਨ ਨੂੰ ਸਨਮਾਨ ਮਿਲਣਾ ਬਹੁਤ ਦੁਰਲੱਭ ਹੈ। ਇਹ ਉਨ੍ਹਾਂ ਨਿੱਜੀ ਰਿਸ਼ਤਿਆਂ ਦੀ ਮਿਸਾਲ ਹੈ ਜੋ ਵੰਡ ਦੀ ਤ੍ਰਾਸਦੀ ਝੱਲ ਕੇ ਵੀ ਦਹਾਕਿਆਂ ਤੱਕ ਕਾਇਮ ਰਹੇ। ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਬਰਾੜ ਦਾ ਦੇਹਾਂਤ ਸਤੰਬਰ 2009 ’ਚ ਹੋਇਆ ਸੀ।
-ਮੁਕਤਸਰ ਅਤੇ ਮੋਗਾ ਨੂੰ ਜ਼ਿਲ੍ਹਾ ਬਣਾਉਣ ਦਾ ਸਿਹਰਾ ਬਰਾੜ ਸਿਰ-
ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਏਨਾਗਾ ਦੇ ਰਹਿਣ ਵਾਲੇ ਹਰਚਰਨ ਸਿੰਘ ਬਰਾੜ ਅਗਸਤ 1995 ਤੋਂ ਨਵੰਬਰ 1996 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸਤੋਂ ਪਹਿਲਾਂ 1977 ’ਚ ਉਹ ਉੜੀਸਾ (ਓਡੀਸ਼ਾ) ਅਤੇ ਹਰਿਆਣਾ ਦੇ ਰਾਜਪਾਲ ਦਾ ਅਹੁਦਾ ਵੀ ਸੰਭਾਲ ਚੁੱਕੇ ਸਨ। ਇੰਨਾ ਹੀ ਨਹੀਂ, 7 ਨਵੰਬਰ 1995 ਨੂੰ ਮੁਕਤਸਰ ਅਤੇ 24 ਨਵੰਬਰ 1995 ਨੂੰ ਮੋਗਾ ਨੂੰ ਜ਼ਿਲ੍ਹਾ ਬਣਾਉਣ ਦਾ ਸਿਹਰਾ ਵੀ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਸਿਰ ਹੀ ਜਾਂਦਾ ਹੈ।
-ਬਾਬਰ ਅਲੀ ਨੇ ਸਾਂਝੇ ਕੀਤੇ ਦੋਸਤੀ ਦੇ ਕਿੱਸੇ-
ਬਾਬਰ ਅਲੀ ਨੇ ਪਾਕਿਸਤਾਨ ਵਿੱਚ ਇੱਕ ਵੀਡੀਓ ਇੰਟਰਵਿਊ ਦੌਰਾਨ ਆਪਣੀ ਦੋਸਤੀ ਦੇ ਕਿੱਸੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਤੀਜੀ ਜਮਾਤ ’ਚ ਉਹ ਵੱਖਰੇ ਸੈਕਸ਼ਨ ਵਿੱਚ ਸਨ, ਪਰ ਚੌਥੀ ਜਮਾਤ ਵਿੱਚ ਇਕੱਠੇ ਹੋਣ 'ਤੇ ਬਰਾੜ ਨਾਲ ਉਨ੍ਹਾਂ ਦੀ ਪੱਕੀ ਦੋਸਤੀ ਹੋ ਗਈ। ਹਰਚਰਨ ਪੜ੍ਹਾਈ ’ਚ ਬਹੁਤ ਹੁਸ਼ਿਆਰ ਸਨ ਅਤੇ ਮੈਂ ਵੀ ਘੱਟ ਨਹੀਂ ਸੀ। ਸਾਡੀ ਸੋਚ ਆਪਸ ’ਚ ਮਿਲਦੀ ਸੀ। ਉਹ ਗੁਰਦੁਆਰੇ ਜਾਂਦੇ ਸਨ ਅਤੇ ਮੈਂ ਮਸਜਿਦ, ਪਰ ਧਰਮ ਕਦੇ ਸਾਡੇ ਵਿਚਕਾਰ ਨਹੀਂ ਆਇਆ।
ਬਾਬਰ ਅਲੀ ਨੇ ਕਿਹਾ ਕਿ ਦੋਵੇਂ ਇਕੱਠੇ ਪੜ੍ਹਦੇ, ਪੰਜਾਬੀ ’ਚ ਗੱਲਾਂ ਕਰਦੇ ਅਤੇ ਆਪਸ ਵਿੱਚ ਇੱਕ ਸਿਹਤਮੰਦ ਮੁਕਾਬਲਾ ਰੱਖਦੇ ਸਨ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਬਰਾੜ ਨੂੰ ਉਰਦੂ ਭਾਸ਼ਾ ਨਾਲ ਖਾਸ ਲਗਾਵ ਸੀ ਅਤੇ ਉਹ ਆਪਣੀ ਮਾਤਾ ਜੀ ਨੂੰ ਉਰਦੂ ਵਿੱਚ ਹੀ ਚਿੱਠੀਆਂ ਲਿਖਦੇ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਵੰਡ ਤੋਂ ਬਾਅਦ ਜਦੋਂ ਮੈਂ ਅਮਰੀਕਾ ਤੋਂ ਵਾਪਸ ਪਰਤਿਆ ਤਾਂ ਬਰਾੜ ਨੂੰ ਫਿਰੋਜ਼ਪੁਰ ਬਾਰਡਰ 'ਤੇ ਮਿਲਿਆ ਸੀ। ਉਹ ਮੇਰੇ ਲਈ ਕੇਲੇ ਲੈ ਕੇ ਆਇਆ ਸੀ ਅਤੇ ਮੈਂ ਉਸ ਲਈ 'ਡਾਈਟ' (ਖਾਣ-ਪੀਣ ਦਾ ਸਮਾਨ) ਲੈ ਕੇ ਗਿਆ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਅਸੀਂ ਦੋਵੇਂ ਇੱਕ-ਦੂਜੇ ਨੂੰ ਕੁਝ ਵੀ ਦੇ ਨਹੀਂ ਸਕੇ। ਵੰਡ ਤੋਂ ਪਹਿਲਾਂ ਐਚੀਸਨ ਕਾਲਜ ਪਾਕਿਸਤਾਨ ਦਾ ਸਭ ਤੋਂ ਵੱਕਾਰੀ ਵਿਦਿਅਕ ਅਦਾਰਾ ਮੰਨਿਆ ਜਾਂਦਾ ਸੀ, ਜਿਸ ਨੇ ਕਈ ਵੱਡੇ ਸਿਆਸਤਦਾਨ ਅਤੇ ਅਫ਼ਸਰ ਦਿੱਤੇ ਹਨ।
ਪਾਕਿਸਤਾਨ ਦੇ ਨਾਮੀ ਉਦਯੋਗਪਤੀ ਸੱਯਦ ਬਾਬਰ ਅਲੀ