500 ਨੌਜਵਾਨ ਕਰਨਗੇ ਮੁਫਤ ਏਆਈ ਡਿਜੀਟਲ ਪ੍ਰੋਡਕਟੀਵਿਟੀ ਕੋਰਸ : ਪੰਮਾ ਸੰਧੂ
500 ਨੌਜਵਾਨ ਕਰਨਗੇ ਮੁਫਤ ਏਆਈ ਡਿਜੀਟਲ ਪ੍ਰੋਡਕਟੀਵਿਟੀ ਕੋਰਸ : ਪੰਮਾ ਸੰਧੂ
Publish Date: Fri, 01 May 2026 04:27 PM (IST)
Updated Date: Fri, 01 May 2026 04:29 PM (IST)

ਰਿਪੋਰਟਰ ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਭਾਰਤ ਸਰਕਾਰ ਅਧੀਨ ਕੋਟਕਪੂਰਾ ਰੋਡ ਨੇੜੇ ਮਾਡਲ ਟਾਊਨ ਸਥਿਤ ਭਾਰਤ ਸਰਕਾਰ ਪਾਸੋਂ ਮਾਨਤਾ ਪ੍ਰਾਪਤ ਨਰਿੰਦਰਾ ਸੀਐਸਸੀ ਅਕੈਡਮੀ ਵਿਖੇ 500 ਨੌਜਵਾਨ ਲੜਕੇ ਲੜਕੀਆਂ ਨੂੰ ਮੁਫਤ ਏਆਈ ਡਿਜੀਟਲ ਪ੍ਰੋਡਕਟੀਵਿਟੀ ਕੋਰਸ (ਯੂਨੀਸੈਫ ਪੀ 2 ਈ ਪ੍ਰੋਗਰਾਮ ਭਾਗ ਤੀਜਾ) ਕਰਵਾਇਆ ਜਾਵੇਗਾ। ਮਨਜ਼ੂਰੀ ਮਿਲਣ ਉਪਰੰਤ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਡਾਇਰੈਕਟਰ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਪਾਸਪੋਰਟ ਟੂ ਅਰਨਿੰਗ ਪ੍ਰੋਗਰਾਮ ਯੂਨੀਸੈਫ (ਸੰਯੁਕਤ ਰਾਸ਼ਟਰ ਬਾਲ ਫੰਡ), ਮਾਈਕਰੋਸਾਫਟ ਤੇ ਕਾਮਨ ਸਰਵਿਸ ਸੈਂਟਰ ਅਕੈਡਮੀ ਦਾ ਸਾਂਝਾ ਉਪਰਾਲਾ ਹੈ ਜਿਸ ਦਾ ਮਕਸਦ ਨੌਜਵਾਨਾਂ ਨੂੰ ਡਿਜ਼ਿਟਲ ਤੇ ਏਆਈ ਹੁਨਰਾਂ ਨਾਲ ਸਸ਼ਕਤ ਬਣਾਉਣਾ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਬਾਲ ਫੰਡ ਇੱਕ ਵਿਸ਼ੇਸ਼ ਏਜੰਸੀ ਹੈ ਜੋ ਵਿਸ਼ਵ ਭਰ ਦੇ ਬੱਚਿਆਂ ਲਈ ਸਿਹਤ ਸੇਵਾਵਾਂ, ਖਾਧ ਖੁਰਾਕ ਤੇ ਸਿੱਖਿਆ ਪ੍ਰਦਾਨ ਕਰਦੀ ਹੈ। ਸੰਧੂ ਨੇ ਦੱਸਿਆ ਕਿ ਇਸ ਕੋਰਸ ਲਈ ਲੜਕੇ ਲੜਕੀਆਂ ਦੀ ਉਮਰ ਹੱਦ 14 ਤੋਂ 29 ਸਾਲ, ਯੋਗਤਾ ਦਸਵੀਂ ਜਾਂ ਬਾਰਵੀਂ ਪਾਸ, ਆਧਾਰ ਕਾਰਡ ਤੇ ਓਟੀਪੀ ਲਈ ਆਧਾਰ ਕਾਰਡ ਨਾਲ ਜੁੜਿਆ ਹੋਇਆ ਮੋਬਾਈਲ ਨੰਬਰ ਕੋਲ ਹੋਣਾ ਅਤੀ ਜਰੂਰੀ ਹੈ। ਕੋਰਸ ਕਰਨ ਉਪਰੰਤ ਬਕਾਇਦਾ ਸਰਟੀਫਿਕੇਟ ਵੰਡੇ ਜਾਣਗੇ। ਇੱਕ ਵਾਰ ਰਜਿਸਟਰੇਸ਼ਨ ਕਰਵਾਉਣ ਉਪਰੰਤ ਇਸ ਕੋਰਸ ਨੂੰ ਘਰ ਬੈਠ ਕੇ ਮੋਬਾਈਲ ਫੋਨ ’ਤੇ ਕੀਤਾ ਜਾ ਸਕਦਾ ਹੈ। ਕੋਰਸ ’ਚ 250 ਸੀਟਾਂ ਲੜਕੀਆਂ ਲਈ ਰਾਖਵੀਆਂ ਹਨ। ਉਨ੍ਹਾਂ ਦੱਸਿਆ ਕਿ ਕੋਰਸ ਕਰਨ ਲਈ ਲਾਭਪਾਤਰੀ ਆਪਣਾ ਆਧਾਰ ਕਾਰਡ, ਵਿਦਿਅਕ ਯੋਗਤਾ ਦਾ ਸਰਟੀਫਿਕੇਟ ਇੱਕ ਤਾਜ਼ਾ ਤਸਵੀਰ ਤੇ ਮੋਬਾਇਲ ਨੰਬਰ ਨਾਲ ਸੰਸਥਾ ਦੇ ਮੁੱਖ ਦਫਤਰ ’ਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ। ਕੋਰਸ ਦੇ ਦਾਖਲੇ ਲਈ ਅਕੈਡਮੀ ’ਚ ਐਤਵਾਰ 2 ਮਈ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਵੱਧ ਦੁਪਹਿਰ 4 ਵਜੇ ਤੱਕ ਲੱਗੇਗਾ। ਇਸ ਮੌਕੇ ਲਾਭਪਾਤਰੀ ਇਸ ਮੁਫਤ ਕੋਰਸ ਲਈ ਆਪਣਾ ਨਾਮ ਦਰਜ ਕਰਵਾ ਸਕਦੇ ਹਨ।