ਉਕਤ ਸੂਚਨਾ ਦੇ ਆਧਾਰ 'ਤੇ ਥਾਣਾ ਐਸ.ਐਸ.ਓ.ਸੀ., ਐਸ.ਏ.ਐਸ.ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ । ਏਆਈ ਜੀ ਨੇ ਲਿਖਿਆ ਕਿ ਤਫ਼ਤੀਸ਼ ਦੌਰਾਨ ਪੁਲਿਸ ਪਾਰਟੀ ਨੇ ਬਨੂੜ ਇਲਾਕੇ 'ਚ ਛਾਪੇਮਾਰੀ ਕਰਕੇ ਕਥਿਤ ਦੋਸ਼ੀ ਪਰਵੀਨ ਕੁਮਾਰ ਉਰਫ਼ ਸ਼ਮਾ ਉਰਫ਼ ਪਾਰਸ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ |
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (SSOC) ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਜਾਇਜ਼ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਦੋ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਸ ਸਬੰਧੀ ਦੀਪਕ ਪਾਰੇਕ, ਏ.ਆਈ.ਜੀ., ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਪਰਵੀਨ ਕੁਮਾਰ ਉਰਫ਼ ਸ਼ਮਾ ਉਰਫ਼ ਪਾਰਸ ਵਾਸੀ ਜ਼ਿਲ੍ਹਾ ਗੜ੍ਹਸ਼ੰਕਰ ਹਾਲ ਵਾਸੀ ਬਨੂੜ ਮੁਹਾਲੀ ਆਧੁਨਿਕ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਗੈਰ-ਕਾਨੂੰਨੀ ਵਪਾਰ ਵਿੱਚ ਸਰਗਰਮੀ ਨਾਲ ਸ਼ਾਮਲ ਹੈ। ਅੱਗੇ ਪਤਾ ਲੱਗਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਮੋਹਾਲੀ/ਚੰਡੀਗੜ੍ਹ ਖੇਤਰ ਵਿਚ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ।
ਉਕਤ ਸੂਚਨਾ ਦੇ ਆਧਾਰ 'ਤੇ ਥਾਣਾ ਐਸ.ਐਸ.ਓ.ਸੀ., ਐਸ.ਏ.ਐਸ.ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ।
ਏਆਈ ਜੀ ਨੇ ਲਿਖਿਆ ਕਿ ਤਫ਼ਤੀਸ਼ ਦੌਰਾਨ ਪੁਲਿਸ ਪਾਰਟੀ ਨੇ ਬਨੂੜ ਇਲਾਕੇ 'ਚ ਛਾਪੇਮਾਰੀ ਕਰਕੇ ਕਥਿਤ ਦੋਸ਼ੀ ਪਰਵੀਨ ਕੁਮਾਰ ਉਰਫ਼ ਸ਼ਮਾ ਉਰਫ਼ ਪਾਰਸ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ | ਉਸਦੇ ਖੁਲਾਸੇ ਬਿਆਨ 'ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਉਸਦੇ ਕਿਰਾਏ 'ਤੇ ਰਿਹਾਇਸ਼ ਤੋਂ ਇੱਕ .32 ਬੋਰ ਦਾ ਪਿਸਤੌਲ, ਇੱਕ ਮੈਗਜ਼ੀਨ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ।
ਏਆਈਜੀ ਨੇ ਦੱਸਿਆ ਕਿ ਪਰਵੀਨ ਕੁਮਾਰ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਨੂੰ ਇੱਕ ਮਾਮਲੇ ਵਿੱਚ ਥਾਣਾ ਗੜ੍ਹਸ਼ੰਕਰ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਪਰਵੀਨ ਕੁਮਾਰ ਨੇ ਖੁਲਾਸਾ ਕੀਤਾ ਕਿ ਉਸ ਦਾ ਸਾਥੀ ਹਰੀਸ਼ ਕੁਮਾਰ ਉਰਫ ਹੈਰੀ ਭੂਪਾਲ ਵਾਸੀ ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵੀ ਉਸ ਦੇ ਨਾਲ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਸ ਦੇ ਖੁਲਾਸੇ ਅਤੇ ਤਫਤੀਸ਼ ਦੌਰਾਨ ਇਕੱਠੇ ਕੀਤੇ ਹੋਰ ਸਬੂਤਾਂ ਦੇ ਆਧਾਰ 'ਤੇ ਹਰੀਸ਼ ਕੁਮਾਰ ਨੂੰ ਮੌਜੂਦਾ ਕੇਸ ਵਿਚ ਸਹਿ-ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ । ਇਸ ਤੋਂ ਬਾਅਦ, SSOC ਟੀਮ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਛਾਪੇਮਾਰੀ ਕੀਤੀ ਅਤੇ ਸਫਲਤਾਪੂਰਵਕ ਉਸਨੂੰ ਗ੍ਰਿਫਤਾਰ ਕੀਤਾ।
ਇਸ ਤੋਂ ਇਲਾਵਾ, ਦੋਸ਼ੀ ਹਰੀਸ਼ ਕੁਮਾਰ ਦੇ ਖੁਲਾਸੇ 'ਤੇ ਪੁਲਿਸ ਨੇ ਉਸਦੇ ਕਬਜ਼ੇ 'ਚੋਂ 9mm ਕੈਲੀਬਰ ਦੇ 2 ਗਲੋਕ ਪਿਸਤੌਲ ਬਰਾਮਦ ਕੀਤੇ।
ਏਆਈ ਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਹਰੀਸ਼ ਕੁਮਾਰ ਨੇ ਅੱਗੇ ਦੱਸਿਆ ਕਿ ਹਥਿਆਰਾਂ ਦੀ ਖੇਪ ਉਸ ਨੂੰ ਰਾਜੇਸ਼ ਕੁਮਾਰ ਉਰਫ ਬੰਤਾ ਵਾਸੀ ਥਾਣਾ ਗੜ੍ਹਸ਼ੰਕਰ, ਜ਼ਿਲ੍ਾ ਹੁਸ਼ਿਆਰਪੁਰ, ਜੋ ਕਿ ਮੌਜੂਦਾ ਸਮੇਂ ਇਟਲੀ ਰਹਿੰਦਾ ਹੈ, ਵੱਲੋਂ ਭੇਜੀ ਗਈ ਸੀ। ਉਸ ਦੇ ਖੁਲਾਸੇ ਅਤੇ ਤਫਤੀਸ਼ ਦੌਰਾਨ ਇਕੱਠੇ ਕੀਤੇ ਸਬੂਤਾਂ ਦੇ ਆਧਾਰ 'ਤੇ ਮੌਜੂਦਾ ਕੇਸ 'ਚ ਦੋਸ਼ੀ ਰਾਜੇਸ਼ ਕੁਮਾਰ ਉਰਫ ਬੰਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਮੁੱਢਲੀ ਜਾਂਚ ਤੋਂ ਅੱਗੇ ਪਤਾ ਲੱਗਾ ਹੈ ਕਿ ਮੁਲਜ਼ਮ ਹਰੀਸ਼ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਜੋ ਕਿ ਵੱਖ-ਵੱਖ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟਾਂ ਵਿੱਚ ਇਟਲੀ ਦੀ ਟੀਮ ਦੀ ਨੁਮਾਇੰਦਗੀ ਕਰ ਚੁੱਕਾ ਹੈ। ਜਦੋਂ ਕਿ ਮੁਲਜ਼ਮ ਰਾਜੇਸ਼ ਕੁਮਾਰ ਉਰਫ਼ ਬੰਤਾ (ਇਟਲੀ) ਦਾ ਇੱਕ ਮਹੱਤਵਪੂਰਨ ਅਪਰਾਧਿਕ ਪਿਛੋਕੜ ਹੈ, ਜਿਸਦੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਦੇ ਅਪਰਾਧਾਂ ਨਾਲ ਸਬੰਧਤ ਕੁੱਲ 9 ਅਪਰਾਧਿਕ ਮਾਮਲੇ ਦਰਜ ਹਨ। ਏਆਈ ਜੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਅਤੇ ਹੋਰ ਬਰਾਮਦਗੀ ਲਈ 3 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਸਬੰਧਾਂ ਦਾ ਪਤਾ ਲਗਾਉਣ ਅਤੇ ਮਾਡਿਊਲ ਵਿਚ ਸ਼ਾਮਲ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਲਈ ਜਾਂਚ ਚੱਲ ਰਹੀ ਹੈ।